ਸੱਜਨਾ ਸੋਹਣਾ ਤੇਰਾ ਦੇਸ

(3 ਜਨਵਰੀ, 1961)

1. 

ਘੱਤ ਵਹੀਰਾਂ ਤੁਰ ਪਏ ਅਸੀਂ ਦੇਸ ਸੱਜਣ ਦੇ ਵੰਨੇ।

ਕੂੰਜਾਂ ਦੀ ਹੈ ਡਾਰ ਅਸਾਡੀ, ਜਾਈਏ ਕਿਹੜੇ ਬੰਨੇ।

ਕੂੰਜਾਂ ਵਰਗੀ ਜਾਨ ਅਸਾਡੀ, ਜਾਣਾ ਪਿਆ ਪਰਦੇਸ।

ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ ਸੱਜਨਾ ਸੋਹਣਾ ਤੇਰਾ ਦੇਸ।

2. 

ਆਈ ਬਹਾਰ ਹੈ ਦੇਸ ਸੱਜਨ ਦੇ, ਸਾਡੇ ਪਤਝੜ ਵਰਗੀ।

ਖੁਸ਼ੀਆਂ ਦੇ ਏਥੇ ਗੀਤ ਪਏ ਮਉਲਣ, ਨੱਚ ਨੱਚ ਪੈਂਦੀ ਸਰਘੀ।

ਜਰ੍ਹੇ ਜਰ੍ਹੇ ਵਿਚ ਸੱਜਣ ਦਿਖਦਾ, ਤੈਨੂੰ ਲੱਭੀਏ ਕਿਹੜੇ ਵੇਸ।

ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ----------।

3. 

“ਰਾਂਝਣ ਰਾਂਝਣ ਕਰਦੀ ਨੀ ਸਈਓ, ਮੈਂ ਆਪੇ ਰਾਂਝਣ ਹੋਈ।

ਆਖੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਕਹਿਓ ਕੋਈ।''

ਆਪੇ ਪ੍ਰੀਤਮ ਬਣ ਗਿਆ ਪ੍ਰੇਮੀ, ਜਦ ਵਟ ਗਏ ਦਿਲਾਂ ਦੇ ਭੇਸ।

ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ---------------।

4. 

ਜਿੰਦ ਅਸਾਡੀ ਇਕ ਮਿਕ ਹੋ ਗਈ, ਮੁੱਕ ਗਏ ਨੇ ਪੰਧ ਲੰਮੇ।

ਦੋ ਦਿਲਾਂ ਦੀ ਧੜਕਣ ਇਕੋ, ਹੋ ਗਏ ਸਾਡੇ ਬੁੱਤ ਨਿਕੰਮੇ।

ਇਕ ਮੰਜ਼ਿਲ ਦੇ ਬਣ ਗਏ ਪਾਂਧੀ, ਨਾ ਰਹੀ ਮਰਨੇ ਦੀ ਠੇਸ।

ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ------

📝 ਸੋਧ ਲਈ ਭੇਜੋ