ਸੱਖਣਾ ਜੋਬਨ ਕਿਸੇ ਨਾ ਕੰਮ ਦਾ, ਪਾਗਲ ਨੇ ਉਤਰਾਂਦੇ ਲੋਕੀ ।
ਇਸ਼ਕ ਹੁਸਨ ਦਾ ਮਾਣ ਵਧਾਵੇ, ਇਸ਼ਕੋਂ ਕਿਉਂ ਘਬਰਾਂਦੇ ਲੋਕੀ ।
ਲੋਕਾਂ ਦੇ ਰਾਹਵਾਂ ਦੀ ਲੋ ਲਈ, ਰੱਤ ਆਪਣੀ ਦਾ ਦੀਵਾ ਬਾਲਾਂ,
ਫੇਰ ਵੀ ਦੱਸੋ ਕਾਹਨੂੰ ਯਾਰੋ, ਮੈਥੋਂ ਰੁੱਸ-ਰੁੱਸ ਜਾਂਦੇ ਲੋਕੀ ।
ਮੇਰਾ ਜੇਰਾ ਹਿੰਮਤ ਹੈ ਸੀ, ਹਸ-ਹਸ ਦੁੱਖ ਨੇ ਗਲਮੇਂ ਲਾਏ,
ਫੁੱਲਾਂ ਹੇਠ ਦਬੇ ਹੋਏ ਵੀ, ਰੋਂਦੇ ਤੇ ਕੁਰਲਾਂਦੇ ਲੋਕੀ ।
ਕੌਲਾਂ ਵਾਲੇ ਕੋਲੇ ਸੱਜਣੋਂ, ਦੁਖ ਦੇ ਦੁਧਾਂ ਭਰੇ ਗਿਲਾਸ,
ਦਿਲ ਦੀ ਇਕ ਪੜਛੱਤੀ ਉੱਤੇ, ਕੀ ਕੀ ਹੈਨ ਸਜਾਂਦੇ ਲੋਕੀ ।
ਅਰਬਾਂ ਖ਼ਰਚੇ ਕਰਕੇ ਪੁੱਜੇ, ਜੂਹ ਚੰਨੇ ਦੀ ਬਾਵੇ ਕੱਜ,
ਨੰਗੇ ਭੁੱਖੇ ਇਨਸਾਨਾਂ ਦੇ, ਖਾਕੇ ਇੰਜ ਉਡਾਂਦੇ ਲੋਕੀ ।