ਸੰਭਲ ਕੇ ਭਰ ਉਡਾਰੀ ਹੈ ਤਿਰੇ ਵੱਲ

ਸੰਭਲ ਕੇ ਭਰ ਉਡਾਰੀ ਹੈ ਤਿਰੇ ਵੱਲ ਖੰਜਰਾਂ ਆਉਣਾ।

ਗਏ ਕੱਟੇ ਜੇ ਇਕ ਵਾਰੀ ਨਾ ਮੁੜਕੇ ਫਿਰ ਪਰਾਂ ਆਉਣਾ।

ਕਿਤੇ ਬੈਠਾ-ਬਿਠਾਇਆ ਹੀ ਜਿਣਸ ਵਾਂਗੂੰ ਨਾ ਵਿਕ ਜਾਈਂ,

ਖ਼ਰੀਦਣ ਨੂੰ ਹੈ ਤੈਨੂੰ ਵਕਤ ਦੇ ਸੌਦਾਗਰਾਂ ਆਉਣਾ।

ਮੈਂ ਖਿੜਕੀ ਖੋਲ੍ਹ ਕੇ ਰੱਖਾਂਗਾ ਘਰ ਦੀ ਪਹੁ-ਫੁਟਾਲੇ ਤਕ,

ਤੁਸੀਂ ਸਰਘੀ ਲਈ ਆਉਣਾ ਜਦੋਂ ਮੇਰੇ ਗਰਾਂ ਆਉਣਾ।

ਬਦਨ ਰੂਹਾਂ ਤੋਂ ਖਾਲੀ ਨੇ, ਚਰਾਗਾਂ ਤੋਂ ਬਿਨਾਂ ਬਸਤੀ,

ਖ਼ਬਰ ਕੀ!ਸੀ ਹੈ ਰਾਹ ਵਿਚ ਇਸ ਤਰਾਂ ਦੇ ਮੰਜ਼ਰਾਂ ਆਉਣਾ।

ਜਦੋਂ ਰੁਮਕੇਗੀ ਪੁਰਵਾਈ ਮੈਂ ਆਪੇ ਸਮਝ ਜਾਵਾਂਗਾ,

ਤੁਸੀਂ ਬਾਰਸ਼, ਬਹਾਰਾਂ ਵਾਂਗ ਨਾ, ਆਪਣੀ ਤਰ੍ਹਾਂ ਆਉਣਾ।

ਕਿਤੋਂ ਉਹ ਨੂਰ ਜਾਂ ਖ਼ੁਸ਼ਬੂ ਨਹੀਂ ਮਿਲਣੀ, ਭਟਕ ਜਾਵੇਂ,

ਹੈ ਰਾਹ ਵਿਚ ਗੁਰਦੁਆਰੇ, ਮਸਜਿਦਾਂ ਤੇ ਮੰਦਰਾਂ ਆਉਣਾ।

📝 ਸੋਧ ਲਈ ਭੇਜੋ