ਮੇਰੇ ਅਥਰੇ ਜਹੇ ਬੱਚਿਆ 

ਭਵਿੱਖ ਦੇ ਨਾਮ

ਤੂੰ ਪੈਗਾਮ ਏਂ ਮੇਰੀ ਮੁਹੱਬਤ ਦਾ

ਭਲਕ ਦੇ ਸੁਪਨਿਆਂ ਲਈ 

ਇਕ ਸੁਨੇਹਾਂ ਏਂ

ਮੇਰੀ ਹੁਣ ਦੀ ਹਕੀਕਤ ਦਾ

ਤੇਰੇ ਥਾਣੀ ਮੈਂ ਲੋੜਾਂ

ਆਪਣੇ ਅੰਦਰ ਦਾ ਖ਼ਲਾ ਭਰਨਾ

ਤੇਰੇ ਰਾਹੀਂ ਹੀ

ਮੈਂ ਆਕੀ ਸਮੇਂ ਨੂੰ ਚਾਹਾਂ ਸਰ ਕਰਨਾ

ਤੂੰ ਇਕ ਜਾਦੂ ਏਂ 

ਜੋ ਦੋ ਤਾਂਘਦੇ

ਬਿਹਬਲ ਹੋਏ ਜਿਸਮਾਂ ਜਗਾਇਆ ਹੈ

ਤੂੰ ਇਕ ਸ਼ੁਅਲਾ

ਜੋ ਮਿੱਟੀ ਪੌਣ ਪਾਣੀ ਦੀ 

ਬੜੀ ਪੋਲੀ ਜਹੀ ਗੰਢ ਵਿਚ 

ਮਸਾਂ ਹੀ ਬਨ੍ਹ ਬਹਾਇਆ ਹੈ 

ਮੇਰੇ ਅਥਰੇ ਜਹੇ ਬੱਚਿਆ 

ਭਵਿੱਖ ਦੇ ਨਾਮ

ਪੈਗ਼ਾਮ ਏਂ ਮੇਰੀ ਮੁਹੱਬਤ ਦਾ 

ਭਲਕ ਦੇ ਸੁਪਨਿਆਂ ਲਈ 

ਇਕ ਸੁਨੇਹਾ ਏਂ

ਮੇਰੀ ਹੁਣ ਦੀ ਹਕੀਕਤ ਦਾ

ਤੂੰ ਇਕ ਸੰਭਾਵਨਾ

ਕੁਦਰਤ ਦੀ ਸਾਰੀ ਸ਼ਹਿਨਸ਼ਾਹੀ ਦੀ

(ਜਾਂ ਆਪਣੀ ਹੀ ਤਬਾਹੀ ਦੀ!)

ਮੇਰੇ ਅਥਰੇ ਜਹੇ ਬੱਚਿਆ 

ਕਈ ਵਾਰੀ ਤਾਂ ਇਉਂ ਲੱਗਦਾ 

ਮੇਰੇ ਆਲੰਘਣੋਂ ਜਨਮੀ

ਤੂੰ ਮੇਰੀ ਹੀ ਉਲੰਘਣਾ ਏਂ 

ਬੜਾ ਹੱਦ ਏਂ

ਕੋਈ ਵਖਰੀ ਅਵੱਲੀ ਹਦ ਕਰੇਂਗਾ ਤੂੰ 

ਹੋ ਸਕਦਾ ਹੈ ਮੈਨੂੰ ਹੀ 

ਮੁਕੰਮਲ ਰੱਦ ਕਰੇਂਗਾ ਤੂੰ

📝 ਸੋਧ ਲਈ ਭੇਜੋ