ਸਮੇਂ ਨੇ ਰੱਜ ਕੇ

ਸਮੇਂ ਨੇ ਰੱਜ ਕੇ ਲੁੱਟੀ ਸੀ

ਮਹਿੰਦੀ ਦੀ ਲੋਅ ਤੇ ਚੂੜੇ ਦੀ ਛਣਕਾਰ

ਰਾਤਾਂ ਨਹੀਂ ਸਨ ਸੁੱਤੀਆਂ ਉਹਨਾਂ ਦਿਨਾਂ 'ਚ ਕਈ ਕਈ ਦਿਨ

ਦੋਨੋਂ ਪਾਸੇ ਖੜੀਆਂ ਫ਼ਸਲਾਂ ਬੁੱਕ ਬੁੱਕ ਰੋਈਆਂ ਸਨ

ਬਾਪੂ ਦੱਸਦਾ ਹੁੰਦਾ ਸੀ ਸਾਰੀ ਕਹਾਣੀ ਲਹੂ ਦੀ

ਕਦੇ ਪੰਜ ਪਾਣੀਆ 'ਤੇ

ਇਕ ਅੰਬਰ ਹੁੰਦਾ ਸੀ

ਸਾਹ ਸਾਂਝੇ ਸਨ ਅਜੇ ਉਦੋਂ

ਰੈੱਡਕਲਿਫ ਲਾਈਨ ਨੇ

ਪੰਜਾਬੀਆਂ ਨੂੰ ਏਦਾਂ ਦਾ ਡੰਗ ਮਾਰਿਆ

ਕਿ ਹਰ ਰੁੱਖ ਜ਼ਖ਼ਮੀ ਹੋਇਆ

ਲੋਕ ਹੱਥੀਂ ਜਣੀਆਂ ਦੁਪਹਿਰਾਂ ਲੁਕੋਦੇਂ ਰਹੇ

ਚਾਹ ਦੇ ਗਲਾਸ ਹੱਥੋਂ ਡਿੱਗ ਪਏ ਸਨ

ਭੁੱਖਾਂ ਗੁਆਚ ਗਈਆਂ ਸਨ ਪੇਟੋਂ

ਰਿਜ਼ਕ ਨੂੰ ਦਿਲ ਨਹੀਂ ਸੀ ਕਰਦਾ

ਵਕਤ ਨੂੰ ਇੱਜ਼ਤਾਂ ਦੀ ਪੈ ਗਈ ਸੀ

ਬੰਦਾ ਹੈਵਾਨੀਅਤ ਪਹਿਨ ਵਿਚਰਨ ਲੱਗਾ

ਪਿਆਰ ਭਾਵਨਾਵਾਂ ਉੱਡ ਗਈਆਂ ਸਨ ਸਾਹਵਾਂ 'ਚੋਂ

ਵਿਹੜੇ ਜਿੱਥੇ ਰੌਣਕਾਂ ਨੱਚਦੀਆਂ ਸਨ

ਵੈਣ ਪਾਣ ਲੱਗ ਪਏ ਸਨ

ਚਾਰ ਚੁਫੇਰੇ ਲੋਕ ਲਾਸ਼ਾਂ ਗਿਣਦੇ

ਜਾਂ ਨਫ਼ਰਤ ਡੁੱਲ੍ਹਦੇ ਸੀਨੇ ਮਿਣਦੇ

ਪੱਤੇ ਫੁੱਲ ਟਹਿਣੀਆਂ ਚਿੜੀਆਂ

ਕਦੇ ਨਾ ਮੁੜ ਓਦਣ ਤੋਂ ਖਿੜੀਆਂ

ਨਮਾਜ਼ਾਂ ਆਇਤਾਂ ਨਾ ਬੋਲੀਆਂ

ਸੰਖਾਂ ਨੇ ਬਾਤ ਨਾ ਪੁੱਛੀ

ਪੰਜ ਪਾਣੀ ਹੋਏ ਲਹੂ-ਲੁਹਾਣ

ਆਪਣੇ ਲਹੂ 'ਚ ਲੱਗੇ ਨਹਾਣ

ਇਨਸਾਨਾਂ ਦਾ ਸਿਰ ਫਿਰ ਗਿਆ ਸੀ

ਪੈਰਾਂ 'ਚ ਤਾਰਾ ਤਾਰਾ ਟੁੱਟ ਗਿਰ ਗਿਆ ਸੀ

ਨਗਨ ਹੋ ਗਈਆਂ ਕਾਲੀਆਂ ਰਾਤਾਂ

ਆਟੇ ਲਹੂ ਪਾ ਗੁੰਨ੍ਹਣ ਪਰਾਤਾਂ

ਹਰ ਪੁੱਲ ਪਾਰ ਕਰਨ ਲੱਗਿਆਂ

ਨਫ਼ਰਤ ਦੀ ਅੱਗ ਟੱਪਣੀ ਪੈਂਦੀ ਸੀ

ਸਭਿਆਚਾਰ ਮਰ ਗਿਆ ਸੀ

ਅੰਬਰ ਧਰਤ ਨੂੰ ਦੇਖ ਡਰ ਗਿਆ ਸੀ

ਸੱਲ ਨਾ ਸੀਤੇ ਗਏ

ਆਪਣੇ ਹੀ ਪਿੰਡਾਂ 'ਚੋਂ

ਰੀਝਾਂ ਗੁਆਚੀਆਂ ਨਾ ਲੱਭੀਆਂ

ਮਹਿੰਦੀਆਂ ਖਿੱਲਰ ਗਈਆਂ ਸਨ ਹਥੇਲੀਆਂ 'ਤੋਂ

ਵਟਣੇ ਵਾਲੀਆਂ ਪਰਾਤਾਂ 'ਚ ਖ਼ੂਨ ਦੇ ਛਿੱਟੇ ਡਿੱਗੇ

ਮਾਂਗਾਂ 'ਚੋਂ ਸੰਧੂਰ ਰੁੜ੍ਹ ਗਏ

ਰੱਬ ਦੇਖਦੇ ਰਹਿ ਗਏ ਸਨ

ਹੈਵਾਨੀਅਤ ਦਾ ਨਗਨ ਨਾਚ

ਮੰਦਿਰਾਂ 'ਚੋਂ ਰੱਬ ਦੌੜ ਕੇ ਮਸਾਂ ਬਚਿਆ

ਅੱਲ੍ਹਾ ਨਾ ਲੱਭਾ ਕਈ ਦਿਨ

ਫ਼ਿਰਕੂ ਫਸਾਦਾਂ ਨੇ ਇਨਸਾਨੀਅਤ ਨੂੰ

ਤਾਰ ਤਾਰ ਕਰ ਕੇ ਰਾਹਾਂ 'ਚ ਵਿਛਾ ਦਿੱਤਾ

ਨਾਨਕ ਬੁੱਲ੍ਹੇ ਸ਼ਾਹ

ਤੇ ਵਾਰਿਸ ਸ਼ਾਹ ਦੇ ਪਿੰਡ ਦੀ ਮਿੱਟੀ

ਖ਼ੂਨੀ ਨਾਟਕ 'ਚ ਖਲਾਰ ਦਿਤੀ ਗਈ

ਸ਼ਰਧਾ ਦੀਆਂ ਅੱਡੀਆਂ ਝੋਲੀਆਂ ਤੋਂ

ਖੋਹ ਲਿਆ ਨਾਨਕ ਤੇ ਨਨਕਾਣਾ

ਸਮੇਂ ਨੇ ਅਕਾਸ਼ ਦੀ ਗਰਦਿਸ਼ 'ਤੇ ਜੰਮੇ ਹੋਏ

ਗਾੜ੍ਹੇ ਖ਼ੂਨ 'ਤੇ ਵੀ ਲੀਕਾਂ ਵਾਹ ਦਿੱਤੀਆਂ

📝 ਸੋਧ ਲਈ ਭੇਜੋ