ਸਮੁੰਦਰ ਕੀ ਪਤਾ ਕਦ ਆਸ ਦਾ ਸੂਰਜ ਨਿਗਲ ਜਾਵੇ।
ਅਚਾਨਕ ਸੋਚ ਦਾ ਦਰਿਆ, ਕਦੋਂ ਰਸਤਾ ਬਦਲ ਜਾਵੇ।
ਇਹ ਸੱਚ ਹੈ, ਬਰਫ਼ ਦੇ ਬੁੱਤਾਂ ‘ਚੋਂ ਅੱਜ ਕੱਲ੍ਹ ਸੇਕ ਆਉਂਦਾ ਹੈ,
ਜੇ ਪਰਬਤ ਸੁਲਗਿਆ ਤਾਂ ਕੀ ਪਤਾ ਅੰਬਰ ਪਿਘਲ ਜਾਵੇ।
ਤਿਰੀ ਇਹ ਚੰਨ ਨੂੰ ਫੜ ਕੇ, ਤਣਾਵਾਂ ਪਾਉੰਣ ਦੀ ਜ਼ਿਦ ਵਿੱਚ,
ਤਿਰੇ ਪੈਰਾਂ ਦੇ ਹੇਠੋਂ ਨਾ ਤਿਰੀ ਧਰਤੀ ਨਿਕਲ ਜਾਵੇ।
ਇਹ ਜੀਵਨ, ਜਿਸਮ ਤੇ ਧਰਤੀ ਦੇ ਵਿੱਚ ਇੱਕ ਅਹਿਦਨਾਮਾ ਹੈ,
ਉਹੀ ਬੰਦਾ ਹੈ ਜੋ ਇਸ ਅਹਿਦ ਦੇ ਖ਼ਾਕੇ ‘ਚ ਢਲ਼ ਜਾਵੇ।
ਫਿਰ ਉਸਦੇ ਪਾਰਦਰਸ਼ੀ ਹੋਣ ਦਾ ਕੀ ਅਰਥ ਰਹਿ ਜਾਂਦੈ,
ਜੇ ਸ਼ੀਸ਼ਾ ਪਰਦਿਆਂ ਵਿੱਚ ਹੋ ਰਹੀ ਸਾਜ਼ਿਸ਼ ‘ਚ ਰਲ਼ ਜਾਵੇ।