ਸਮੁੰਦਰ ਦਿਆ ਪਾਣੀਆ, ਤੂੰ ਕਿੰਨਾ ਖਾਰਾ ਵੇ।
ਕਿਹੜਾ ਦਰਦ ਛੁਪਾਇਆ, ਜੋ ਏਨਾ ਭਾਰਾ ਵੇ।
ਕਿੰਨੇ ਅੱਥਰੂ ਪੀਤੇ ਤੂੰ ਕਿ ਗ਼ਮ ਉਛਾਲ਼ੇ ਮਾਰੇ ਵੇ।
ਸੁੱਕਣ 'ਤੇ ਲੂਣ ਬਣੇਂ, ਲੱਗਦਾ ਗ਼ਮ ਬਾਹਲ਼ੇ ਵੇ।
ਤੇਰੇ ਨਾਲ ਦਾ ਨੀਰ ਨਦੀ, ਜੁੜ ਧਰਤੀ ਨਾਲ਼ੇ ਵੇ।
ਬਣ ਪਾਕਿ ਪਵਿੱਤ ਜਿਹਾ, ਹਰ ਸੀਨਾ ਠਾਰੇ ਵੇ।
ਇਹ ਸੁਣ ਸਮੁੰਦਰ ਨੇ, ਸੀ ਅੱਖੀਆਂ ਭਰ ਲਈਆਂ।
ਬੋਲਿਆ ਸੱਚੀਆਂ, ਕੌੜੀਆਂ, ਸਰਬ ਚੁੱਪ ਜਰ ਲਈਆਂ।
ਕਹਿੰਦਾ, ਉਹੀ ਪਾਕਿ ਪਵਿੱਤਰ ਹੈ ਜੋ ਧਰਤੀ ਅੰਦਰ ਹੈ
ਬਾਹਰੀ ਤੇ ਸੁੱਕੀ ਜਾਂਦਾ, ਤੇਰਾ ਭੋਗਦਾ ਮੰਜ਼ਰ ਹੈ।
ਡਰਦਾ ਮਿੱਟੀ ਮਿਲਾ, ਇੱਟਾਂ ਘੜ ਸਾੜ ਉਹਨਾਂ।
ਕੰਧਾਂ ਕਰਕੇ ਰੱਬ ਦੇ ਨਾਮ, ਕਹਿਣਾ ਗਿਰਜਾ ਮੰਦਰ ਹੈ।
ਮੈਂ ਖਾਰਾ ਬਣਿਆ ਕਾਰਨ ਤੇਰੇ, ਅਣਹੋਈਆਂ ਕਰਦਾ ਤੂੰ।
ਤੂੰ ਕੁੱਖਾਂ-ਰੁੱਖਾਂ ਦਾ ਨਹੀਂ ਬਣਿਆ, ਮੇਰਾ ਕਿੰਞ ਬਣਦਾ ਤੂੰ।
ਮੇਰੀ ਹਿੱਕ ਕਰੋੜਾਂ ਜੀਅ, ਮੈਨੂੰ ਪੀ ਜਿਨ੍ਹਾਂ ਜਿਊਣਾ।
ਜੇ ਤੇਰਾ ਬਣ ਜਾਂਦਾ, ਤੂੰ ਸੀ ਰੋੜ੍ਹ ਮੁਕਾ ਦੇਣਾ।
ਮੈਂ ਖਾਰਾ ਹੋ ਕੇ ਵੀ, ਤੇਰੇ ਕੰਮ ਆਉਂਦਾ ਹਾਂ।
ਤੇਰੇ ਸਾਰੇ ਟੱਬਰ ਨੂੰ, ਲੂਣੇ ਭੋਜ ਖੁਆਉਂਦਾ ਹਾਂ।
ਜਿਹੜਾ ਪਾਕਿ ਪਵਿੱਤਰ ਹੈ, ਉਸ ਨੂੰ ਤੂੰ ਸਾਂਭ ਕੇ ਰੱਖ।
ਜੋ ਡਰਦਾ ਮੁੱਕਦਾ ਜਾਂਦਾ, ਉਹਦਾ ਹੀ ਸੁਣ ਲੈ ਪੱਖ।
ਤੈਨੂੰ ਰਾਜ ਦੱਸਾਂ ਉਹਦਾ, ਜਿਹੜਾ ਘਟਦਾ ਜਾਂਦਾ ਏ।
ਰੁੱਖ ਲਾਉਣ ’ਤੇ ਮਿੱਤਰਾ, ਉਹ ਉਤਾਂਹ ਨੂੰ ਆਉਂਦਾ ਏ।
ਮੈਂ ਤੇਰਾ ਹੋਣ ਲਈ, ਅਸਮਾਨਾਂ ਵੱਲ ਉੱਡਦਾ ਹਾਂ।
ਮੀਂਹ ਦੇ ਰਾਹੀਂ ਬਰਸ ਕੇ, ਤੇਰੇ ਤੀਕਰ ਪੁੱਜਦਾ ਹਾਂ।
ਤੇ ਤੂੰ ਮੈਨੂੰ ਪੁੱਛਦਾ ਤਰਸ ਖਾ, ਕਿ ਕੀਕਰ ਖਾਰਾ ਏਂ।
ਸੁਣ ਬੇੜਿਆਂ ਵਾਲ਼ਿਆ ਵੇ, ਤੂੰ ਮੈਨੂੰ ਪਿਆਰਾ ਏਂ।
ਰੁੱਖ ਲਾਓ, ਸੁਨੇਹਾ ਸਮੁੰਦਰ ਦਾ, ਤੁਹਾਡੇ ਤੱਕ ਪਹੁੰਚਾਤਾ ਜੀ।
ਕੁਦਰਤ ਦਾ ਕੋਈ ਜੀਵ ਵੀ, ਨਾ ਹੁਣ ਰਹੇ ਪਿਆਸਾ ਜੀ।