ਸਮੁੰਦਰਾ ਪਿਆਰਿਆ

ਤੈਨੂੰ ਤੱਕ ਮੈਨੂੰ ਇੰਝ ਲੱਗਦਾ  ।

ਜਿੱਦਾਂ ਤੈਨੂੰ ਧਰਤੀ 'ਤੇ, ਔਰਤ ਨੇ ਜਣਿਆ ।

ਗੁੱਸਾ ਨਾ ਕਰੀਂ ਤੂੰ, ਸਮੁੰਦਰਾ ਪਿਆਰਿਆ ।

ਮੈਨੂੰ ਲੱਗਦਾ ਤੂੰ, ਉਹਦੇ ਅੱਥਰੂਆਂ ਤੋਂ ਬਣਿਆ ।

ਜਦੋਂ ਔਰਤ ਦੇ ਜਾਏ, ਕੁੱਖ ਵਿੱਚ ਧੀ ਨੂੰ  ਵੱਢਦੇ ਹੋਣੇ ।

ਕੂਲ਼ੇ ਅੰਗ, ਚਤੁਰਾਈ ਸਮਝ ਕੁਤਰ, ਮਾਂ ਢਿੱਡੋਂ ਕੱਢਦੇ ਹੋਣੇ ।

ਜਦੋਂ ਦੁੱਖਾਂ ਨਾਲ ਭਰਿਆ, ਗ਼ੁਬਾਰ ਵਗਿਆ ਹੋਣਾ ।

ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ ।

ਜਦੋਂ ਪੜ੍ਹਨ ਜਾਂਦੀ ਧੀ ਨੂੰ , ਦਰਿੰਦਿਆਂ ਨੇ ਖੋਹਿਆ ਹੋਣਾ ।

ਜਿਸ ਮੋਈ ਵੇਖ, ਮਾਂ ਪਿਉ ਤੇ ਭਰਾ ਰੋਇਆ ਹੋਣਾ ।

ਤੇਰਾ ਸੀਨਾ ਦੁਸ਼ਮਨ ਦਾ ਪਾਣੀ ਨਸ਼ਟ ਕਰਨ ਲਈ,

ਜਦੋਂ ਉਹਨਾਂ ਲੂਣੇ ਅੱਥਰੂਆਂ ਨਾਲ ਮਿਲਿਆ ਹੋਣਾ ।

ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ ।

ਜਦੋਂ ਕਿੱਕਰਾਂ, ਟਾਹਲੀਆਂ ਵੱਢ, ਸੇਜਾਂ ਬਣੀਆਂ ਹੋਣੀਆਂ ।

ਜਦੋਂ ਆਰੀਆਂ ਚੱਲਣ ਵੇਲੇ, ਪੱਤਿਆਂ 'ਤੇ ਟਾਹਣਿਆਂ 'ਤੇ,

ਮੁਸੀਬਤਾਂ ਬਣੀਆਂ ਹੋਣੀਆਂ ।

ਜਦੋਂ ਰੁੱਖਾਂ ਦੇ ਪੱਤਿਆਂ 'ਚੋਂ, ਦੁੱਧ ਬਣ ਨੀਰ ਰੁੜਿ੍ਹਆ ਹੋਣਾ ।

ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ ।

ਜਦੋਂ ਕਾਰਖਾਨਿਆਂ, ਭੱਠਿਆਂ ਨੇ ਧੂੰਆਂ ਕੱਢਿਆ ਹੋਣਾ ।

ਜਦੋਂ ਫੈਕਟਰੀਆਂ ਨੇ ਗੰਦਾ ਮੰਦਾ ਪਾਣੀ,

ਨਦੀਆਂ ਤੇ ਨਹਿਰਾਂ ਵੱਲ ਛੱਡਿਆ ਹੋਣਾ ।

ਧਰਤੀ ਦੇ ਪਿਆਰ ਵਿੱਚ, ਜਦੋਂ ਤੂੰ ਅੱਗੇ,

ਆਪਣਾ ਸੀਨਾ ਕਰਿਆ ਹੋਣਾ ।

ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ ।

📝 ਸੋਧ ਲਈ ਭੇਜੋ