ਸਾਂਚਿਆਂ ਵਿੱਚ ਢਾਲ਼ਦੇ

ਤੁਹਾਡਾ ਮੈਨੂੰ ਆਪਣੇ ਸਾਂਚਿਆਂ ਵਿੱਚ ਢਾਲ਼ਦੇ ਰਹਿਣਾ।

ਮੁਨਾਸਿਬ ਹੈ ਚੱਲੋ ਮਿੱਟੀ ਚੋਂ ਸੋਨਾ ਭਾਲ਼ਦੇ ਰਹਿਣਾ।

ਅਸਾਡੀ ਵੀ ਕੀ ਹੋਣੀ ਹੈ ਕਦੇ ਸਾਗਰ ਵੀ ਠੁਕਰਾਉਣੇ,

ਕਦੇ ਫਿਰ ਤੁਪਕਿਆਂ ਵਿੱਚੋਂ ਸਮੁੰਦਰ ਭਾਲ਼ਦੇ ਰਹਿਣਾ।

ਤੁਹਾਨੂੰ ਜੀਣ ਦੇ ਉਸ ਲੁਤਫ਼ ਤੋਂ ਮਨਫ਼ੀ ਕਰੀ ਰੱਖਦੈ,

ਵਕਤ ਬੇ ਵਕਤ ਆਪਣੇ ਆਪ ਨੂੰ ਸੰਭਾਲਦੇ ਰਹਿਣਾ।

ਹਯਾਤੀ ਮਾਣਦਾ ਜੇਕਰ ਇਨ੍ਹਾਂ ਨੂੰ ਹੱਸ ਕੇ ਮਿਲਦਾ,

ਬੜਾ ਮਹਿੰਗਾ ਪਿਆ ਔਕੜਾਂ ਨੂੰ ਟਾਲ਼ਦੇ ਰਹਿਣਾ

ਨਹੀਂ ਦਾਅਵਾ ਕੋਈ ਕਿ ਕਦ ਚੁਫ਼ੇਰੇ ਰੋਸ਼ਨੀ ਹੋਊ,

ਅਸਾਡਾ ਧਰਮ ਹੈ ਬਸ ਬੁਝ ਗਿਆਂ ਨੂੰ ਬਾਲ਼ਦੇ ਰਹਿਣਾ। 

📝 ਸੋਧ ਲਈ ਭੇਜੋ