ਸੰਗੀਤਕ ਧੁਨ ਬਣਾਉਣ ਲੱਗਾਂ?
ਆਪਣੇ ਕਾਰਿਆਂ ਤੇ ਬਣਾ ਲੈ।
ਮਿਹਨਤ ਕਰ ਖਾਧੀ ਤਾਂ,
ਚੋਂਦੇ ਮੁੜਕੇ ਡਿੱਗਦੀਆਂ ਬੂੰਦਾਂ ਦੀ
ਆਵਾਜ਼ ਓਸ ਵਿੱਚ ਪਾ ਲੈ।
ਹੱਥ ਨਾਲ਼ ਪੂੰਝ, ਝਟਕੇ ਨਾਲ਼ ਸੁੱਟਣ,
ਆਵਾਜ਼ ਸੁਣੀ ਤੇ ਬਣਾ ਧੁਨ।
ਵਿਸਾਖ ਦੇ ਮਹੀਨੇ, ਕਿਸਾਨ ਦੀਆਂ
ਕਣਕਾਂ ਨੂੰ ਸੋਵਾਇਆਂ ਜਦ।
ਸੂਰਜ, ਮੀਂਹ, ਹਨ੍ਹੇਰੀ ਨੇ
ਤਨ ਰਾੜ੍ਹ ਕੇ ਸਾੜ੍ਹ ਦਿੱਤਾ।
ਸਾਧ ਬਣਨ ਲਈ ਸੋਚ ਰਿਹਾ,
ਭੁੱਬ ਵੱਜੀ ਸੁਣੀ ਤੇ ਬਣਾ ਧੁਨ।
ਪੱਤਿਆਂ ਨੂੰ ਝੜਦਿਆਂ ਵੇਖਦੈਂ
ਪੱਤਝੜ੍ਹ ਦੇ ਮੌਸਮ ਵਿੱਚ।
ਖੜ-ਖੜ ਤਾਂ ਸੁਣ ਲਈ ਤੂੰ
ਰੁੱਖ, ਟਾਹਣੀਆਂ ਕੀ ਬੀਤੀ।
ਵਖਤਾਂ ਵੇਲ਼ੇ, ਵੱਟੀ ਚੁੱਪ
ਉਦਾਸੀ ਸੁਣੀ ਤਾਂ ਬਣਾ ਧੁਨ।
ਝਰਨੇ ਦੇ ਪਾਣੀ ਨਿਹਾਰਦੈਂ
ਦਰਿਆਵਾਂ ਦੇ ਪਾਣੀਆਂ ਵਿੱਚ।
ਨਿੱਤ ਤਾਰੀਆਂ ਮਾਰਦੇਂ,
ਜਿਹੜਾ ਗੰਦਲ਼ਾ ਕਰ ਦਿੱਤਾ
ਉਹਨਾਂ ਵਗਦੇ ਦਰਦਾਂ ਦੀ
ਆਵਾਜ਼ ਸੁਣੀ ਤੇ ਬਣਾ ਧੁੰਨ।
ਔਖੀਆਂ ਨੇ ਧੁਨਾਂ ਬਣਾਉਣੀਆਂ,
ਇਹ ਸਾਰੀਆਂ ਤੇਰੇ ਲਈ।
ਤੂੰ ਸੁਣੀਆਂ ਨਹੀਂ ਹੋਣੀਆਂ
ਕੁੱਖਾਂ ਨੂੰ ਕੁਤਰਨ ਸਮੇਂ
ਨਿਕਲ਼ੀਆਂ ਕੂਲ਼ੇ ਅੰਗਾਂ ’ਚੋਂ।
ਇਹ ਤੇਰੀਆਂ ਸਾਜੀਆਂ ਨੇ,
ਸੁਣੀਆਂ ਤੇ ਬਣਾ ਲੈ ਧੁਨ।
ਸੁਣਦਾ ਤੇ ਕੁਤਰਦਾ ਨਾ।
ਰੁੱਖਾਂ ਨੂੰ ਵੱਢਦਾ ਨਾ।
ਕੀਤੀਆਂ ਸੁਣੀਆਂ ਅਣਸੁਣੀਆਂ।
ਤੈਨੂੰ ਸੌਣ ਨਾ ਦੇਂਦੀਆਂ ਜੋ,
ਬਣਾ ਵੱਜਦੀਆਂ ਚੀਕਾਂ ਤੇ,
ਅਨੀਂਦਰਿਆਂ ਦੀ ਧੁਨ।
ਇੱਕ ਧੁੰਨ ਨਵੀਂ ਬਣਾ,
ਨਸ਼ਿਆਂ ਦੇ ਦਰਿਆ ਵਿੱਚ,
ਪੁੱਤਾਂ ਦੇ ਰੁੜ੍ਹਨ ਸਮੇਂ,
ਮਾਂਵਾਂ ਦੇ ਪਿੱਟਣ ਦੀ।
ਤੇਰੇ ਨੋਟਾਂ ਗਿਣਨੇ ਦੀ,
ਹਿੰਮਤ ਹੈ ਬਣਾ ਤੇ ਸੁਣ।
ਕਿਸੇ ਤਰ੍ਹਾਂ ਦੀ ਧੁਨ ਵਿੱਚ,
ਨਾ ਫ਼ਰਿਆਦ ਹੋਣੀ ਚਾਹੀਦੀ।
ਆਖਿਰ ਤੇਰੇ ਘਰ ਵੱਜਣੀ,
ਤੇਰੇ ਸਿਰਜੇ ਕਾਰਿਆਂ ਦੀ।
ਧੁਨ ਕਮਾਲ ਹੋਣੀ ਚਾਹੀਦੀ।