ਇਕ ਨਿੱਕਾ ਜਿਹਾ ਸੰਘਣਾ ਬੱਦਲ
ਜਾ ਰੋਹੀਆਂ ਵਿਚ ਵਰ੍ਹਿਆ
ਨਾ ਇਸ ਮਿੱਟੀ ਦੀ ਗੰਧ ਮਾਣੀ
ਨਾ ਕੱਲਰ ਹੀ ਭਰਿਆ।
ਇਹ ਨਾ ਕਿਸੇ ਵੀ ਲੇਖੇ ਲੱਗਾ
ਅਣਹੋਇਆ ਜਿਉਂ ਮਰਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਇਵੇਂ ਉਜਾੜਾਂ ਵਰ੍ਹਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਮਾਰੂਥਲ ਵਿਚ ਵਰ੍ਹਿਆ।
ਨਾ ਇਸ ਦੇ ਕਣ ਨਿੱਘੇ ਹੋਏ
ਨਾ ਰੇਤਾ ਹੀ ਠਰਿਆ।
ਨਾ ਇਕ ਹੀ ਤਿੜ੍ਹ ਘਾਹ ਦੀ ਫੁੱਟੀ
ਨਾ ਕੋਈ ਬੂਟਾ ਹਰਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਐਵੇਂ ਥਲ ਵਿਚ ਵਰ੍ਹਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਪਰਬਤ ਚੋਟੀ ਵਰ੍ਹਿਆ।
ਇਸ ਦਾ ਹਰ ਜਲ ਕਣ ਪੱਥਰਾਂ ‘ਤੇ
ਸਿਰ ਪਟਕਾ ਕੇ ਮਰਿਆ।
ਨਾ ਰੁੱਖਾਂ ਨੇ ਸੋਗ ਮਨਾਇਆ
ਪੌਣ ਨਾ ਹਉਕਾ ਭਰਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਪਰਬਤ ਸਿਖ਼ਰੀਂ ਵਰ੍ਹਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਭਰੇ ਸਮੁੰਦਰ ਵਰ੍ਹਿਆ।
ਤੁਪਕਾ ਤੁਪਕਾ ਹੋ ਕੇ ਕਿਰਿਆ
ਕਿਰਦਾ ਹੀ ਡੁੱਬ ਮਰਿਆ।
ਨਾ ਕੋਈ ਮੱਛਲੀ ਪਿਆਸ ਬੁਝਾਈ
ਨਾ ਸਿੱਪੀ ਮੂੰਹ ਭਰਿਆ।
ਇਕ ਨਿੱਕਾ ਜਿਹਾ ਸੰਘਣਾ ਬੱਦਲ
ਇਉਂ ਪਾਣੀ ਵਿਚ ਵਰ੍ਹਿਆ।