ਸਾਂਝੀ ਡਾਇਰੀ

ਮੇਰੇ ਘਰ 'ਚ

ਇਕ ਡਾਇਰੀ ਪਈ ਹੈ

ਸਾਂਝੀ ਜਿਹੀ

ਮੈਂ ਉਸ 'ਚ ਕਵਿਤਾ ਲਿਖਦਾ ਹਾਂ

ਕਦੇ ਕਦੇ

ਮੇਰੀ ਬੀਵੀ

ਡਾਇਰੀ ਵਰਤ ਲੈਂਦੀ ਹੈ

ਪਿਛਲੇ ਪਾਸਿਉ਼ਂ ਦੀ

ਜਦ ਕਦੇ ਉਸ ਦਾ

ਘਰ ਦਾ ਨਕਸ਼ਾ ਬਣਾਉਣ ਨੂੰ ਜੀ ਕਰਦਾ ਹੈ

ਵਿਚ ਵਿਚਾਲੇ

ਨਿੱਕਾ ਅਨੀ ਵੀ

ਵਾਹ ਦੇਂਦਾ ਹੈ ਕੀਚ ਮਚੋਲੇ

ਡਾਇਰੀ

ਅੱਗੋਂ ਵੀ

ਪਿੱਛੋਂ ਵੀ ਭਰਦੀ ਜਾ ਰਹੀ ਹੈ

ਨਾ ਘਰ ਬਣ ਸਕਿਆ ਅਜੇ ਤਕ

ਨਾ ਹੀ ਅੱਜ--ਕੱਲ੍ਹ

ਮੈਥੋਂ ਕਵਿਤਾ ਲਿਖੀ ਜਾ ਰਹੀ ਹੈ

ਬਸ ਇਕ ਡਾਇਰੀ ਹੈ

ਸਾਂਝੀ ਜਿਹੀ

ਜੋ ਭਰਦੀ ਜਾ ਰਹੀ ਹੈ

📝 ਸੋਧ ਲਈ ਭੇਜੋ