ਮਿਰੀ ਰੂਹ ਚੋਂ ਫੁੱਟੇ

ਇਕ ਰਾਤ ਮਿੱਟੀ-ਰੰਗੇ ਰੋਗ ਦੇ ਕੀੜੇ

ਵਿਸ਼ ਭਰਨ ਲਈ ਪੁਰੇ ਦੀਆਂ ਪੌਣਾਂ ਵਿਚ। 

ਬੇਚੈਨ ਜਿਹੇ ਮਿਰੇ ਫੇਫੜੇ ਹੋਏ

ਤਪਦਿਕੀ ਥਕਨ ਤੋਂ ਲੈ ਲੈ ਕੇ ਸ਼ਕਤੀ 

ਪੌਣਾਂ ਦੇ ਅੰਗ ਮੇਰੀ ਹੋਂਦ ਨੇ ਵਿੰਨ੍ਹੇ। 

ਇਕ ਘੋਰ ਯੁਧ ਪਿੱਛੋਂ ਪੌਣਾਂ ਪਲੋਸੇ

ਸਿਹ ਦੇ ਤਕਲੇ ਮੇਰੀ ਹੋਂਦ ਵਿਚ ਕਿੰਨੇ।

ਫਿਰ ਬੇਸੁਰਤ ਕਰ ਸੋਹਣੀਆਂ ਮੈਨੂੰ

ਪੈਰ ਸੁਹਣੇ ਤਾਰਿਆਂ ਵਰਗੇ, ਤਾਰਿਆਂ ਜਿੰਨੇ 

ਸੀਤਲ ਚੰਦ੍ਰਮਾ-ਰੰਗੇ ਧਰੇ ਰੂਹ ਤੇ।

ਚਾਨਣ-ਨੇਰ੍ਹ ਦੇ ਛਲਾਵੇ ਜਹੇ ਗੂੰਜੇ 

ਨੀਂਦਾਂ ਦੇ ਦੇਸ ਵਿਚ ਸੌਣ ਦੀ ਰੁੱਤੇ,

ਰੂਹ ਦੇ ਸੈਂਕੜੇ ਦਰਾਂ 'ਚੋਂ ਨਿਕਲੀਆਂ ਪੌਣਾਂ 

ਨੀਂਦ ਦੇ ਰਾਹੀ ਦਰਾਂ ਵਿਚ ਸੁੱਤੇ।

ਅੱਥਰੂ ਸਿਮਣ ਤਕ ਮੇਰੀ ਨਜ਼ਰ ਦੇ ਵਿੱਚੋਂ 

ਦਰਿਆ ਵਗਦਾ ਰਿਹਾ ਮਾਰਦਾ ਠਾਠਾਂ 

ਕੈਸਾ ਨਵੇਂ ਰੰਗਾਂ ਦਾ ਜਸ਼ਨ ਹੋਇਆ !

ਫੱਟਦੇ ਰਹੇ ਵਣਾਂ ਵਣਾਂ ਦੇ ਪੱਤੇ

ਨੀਂਦਾਂ ਦੇ ਬ੍ਰਿਛਾਂ ਦੇ ਬ੍ਰਿਛ ਇਸ ਤਰ੍ਹਾਂ ਟੁੱਟੇ 

ਜਿਉਂ ਮੈਂ ਵੱਸਦੇ ਜਹਾਨ ਵਿਚ ਕੱਲਾ ਹੀ ਹੋਵਾਂ।

ਵਗੀ ਵਗੀ ਫਿਰ ਸ਼ਾਂਤ 'ਤੇ ਨਿਰਮਲ 

ਅਨੰਤ ਹੀ ਅਨੰਤ ਧਾਰ ਤਾਜ਼ਗੀ ਦੀ

ਜਿਉਂ ਕੁਦਰਤਾਂ ਵਾਲੇ ਦਾ ਨਵਾਂ ਨਿਯਮ ਬਣਿਆਂ।

- - - - - - - - - - - - - - - - - -

- - - - - - - - - - - - - - - - - -

ਨਦੀਆਂ-ਪੈਰ ਲੱਗੀ ਸੁਪਨੇ ਦੀ ਮਹਿੰਦੀ 

ਮੈਂ ਸੁੱਕੇ-ਹਰੇ ਘਾਹ ਦੇ ਦੇਸ ਵਿਚ ਸੁੱਤਾ।... 

ਸਾਏ ਡੁਬਕੀਆਂ ਮਾਰਨ ਮੈਲੀ ਫਿਜ਼ਾ ਵਿਚ 

ਉਡਣ ਟਾਹਲੀਆਂ ਦੇ ਖਾਕੀ ਪੱਤਰਾਂ ਦੇ ਪੱਤਰ, 

ਖੁਸ਼ਕ ਮੁਸਕਾਨ ਮੇਰੇ ਕੇਸਾਂ 'ਚੋਂ ਨਿਕਲੇ 

ਸੁੱਕੇ ਪੱਤਰਾਂ ਵਾਂਗੂੰ ਡੋਲਦੇ ਮੁੜ ਮੁੜ।

ਚੀਕਦਾ ਪੰਛੀ ਇਉਂ ਲਗੇ ਕਿ ਉਸਦੀ ਵਾਜ ਨੇ 

ਸਦੀਆਂ ਤੋਂ ਕਦੇ ਵੀ ਪਾਣੀ ਨਹੀਂ ਪੀਤਾ, 

ਉੱਡ ਗਿਆ ਹਸਦਾ, ਥਲਾਂ ਨੂੰ ਰਾਜ਼ ਦਸਦਾ। 

ਉਹ ਮੇਰੀ ਯਾਦ ਵਿਚ ਅੱਥਰੂ ਭਰ ਗਿਆ 

ਜਿਸਦੇ ਪਰਾਂ ਦੀਆਂ ਜੜਾਂ ਸੀ ਸੁੱਕੀਆਂ। 

ਮੈਂ ਥਲਾਂ ਦੇ ਕੰਢੇ ਤੇ ਸੁੱਤਾ ਸਾਂ

ਸ਼ਿਸ਼ ਕਿਸੇ ਰਿਸ਼ੀ ਦਾ ਫਿਟਕਾਰਿਆ ਹੋਇਆ।

ਤਾਰਿਆਂ ਦੇ ਵਣਾਂ 'ਚੋਂ ਨਿਕਲੀਆਂ ਰਾਤੀਂ 

ਸਾਉਣ ਦੀ ਰੁੱਤੇ ਪੁਰੇ ਦੀਆਂ ਪੌਣਾਂ, 

ਚਾਂਦੀ ਭਿੱਜੀ ਅਰਸ਼ ਤੇ ਤਾਰਿਆਂ ਵਾਲੀ 

ਰੂਪ-ਛਾਵਾਂ ਹੇਠ ਪਏ ਸਫਰ ਨੇ ਹੁੰਦੇ।

ਨਾਗਾਂ ਨੇ ਚਾਲ ਭੁੱਲੀ, ਵੰਝਲੀ ਮਾਰਦੀ ਹਾਕਾਂ, 

ਪਹਾੜਾਂ ਤੋਂ ਉਤਰ ਕਿਸ ਜੋਗੀ ਨੇ ਔਣਾ ?

ਦੂਰ ਪ੍ਰਛਾਵਿਆਂ 'ਚ ਗੱਡਾ ਚੀਕਦਾ 

ਅਜਬ ਹੀ ਸਬਰ ਦੀ ਪਾਉਂਦਾ ਕਹਾਣੀ। 

ਖਲੋ ਗਿਆ ਮੇਰੇ ਕੋਲ ਆਪ ਹੀ ਕੇ 

ਬਿਰਧ ਦਾ ਹੱਥ ਮੇਰੀ ਛਾਤੀ ਤੇ ਟਿਕਿਆ 

ਜੁਆਨ ਪੁੱਤਰ ਮੇਰੀ ਅੱਖਾਂ ਤੇ ਝੁਕਿਆ; 

ਭੇਦ-ਭਰੀਆਂ ਵੈਦ ਦੀਆਂ ਅੱਖਾਂ ਦੇ ਵਾਂਗ 

ਜੋ ਟਿਕਣ ਕਿਸੇ ਹੋਣੀ ਦੇ ਨੁਕਤੇ ਤੇ ਜਾ 

ਜੋ ਦੱਸਣ ਕਿ ਵਿਛੜਦੇ ਉਮਰਾਂ ਦੇ ਹਾਣੀ 

ਇਉਂ ਨੈਣਾਂ 'ਚ ਤੋਲ ਕੇ ਮੈਨੂੰ, ਬੋਲਿਆ ਬੁੱਢਾ

“ਇਹ ਪਿਛਲੇ ਜਨਮ ਵਿਚ ਮਲਾਹਾਂ ਦਾ ਪੁੱਤਰ ਸੀ, 

ਚਿਰਾਂ ਤੋਂ ਏਸ ਨੇ ਪੀਤਾ ਨਹੀਂ ਪਾਣੀ।”

ਪੁਰੇ ਨੇ ਛੱਲ ਮਾਰੀ ਬਦਲੀਆਂ ਨਾਲ 

ਸਾਵਣ ਦੇ ਰਾਹਾਂ ਤੋਂ ਗੀਤ ਇਕ ਆਇਆ।

ਬਿਰਧ ਨੇ ਇਉਂ ਅਡੋਲ ਤਲੀਆਂ ਤੇ ਚੁੱਕਿਆ 

ਜਿਉਂ ਮੇਰੀ ਹੋਂਦ 'ਚੋਂ ਕਿਣਕਾ ਨਾ ਖੋਵੇ, 

ਆਇਆ ਬਿਰਧ ਦੇ ਨੈਣਾਂ 'ਚ ਮਾਵਾਂ ਦਾ ਨੀਰ। 

ਪਤਾਲ ਦੇ ਨ੍ਹੇਰੇ ਖੂਹਾਂ 'ਚ ਡਿੱਗਣ ਜਿਹੇ 

ਡੋਲ ਪਏ ਜ਼ਿਮੀਂ ਤੋਂ ਉਠਦਿਆਂ

ਮੈਂ ਪਾਪ ਦੇ ਟੁਟਦਿਆਂ ਜਰੀ ਇਕ ਪੀੜ,

ਮੇਰੇ ਜਿਸਮ ਵਿਚ ਸੈਆਂ ਤੰਦਾਂ ਦੀ ਈਰਖਾ ਪਾ ਕੇ 

ਸੀ ਯੁਗਾਂ ਦੀ ਨੀਂਦ ਵਿਚ ਸੌਂ ਗਿਆ ਤੰਦੂਆ 

ਡੰਗਾਂ ਨੂੰ ਖਿੱਚਿਆ ਕਿਸੇ ਨੇ ਅਖੀਰ।

ਗੱਡੇ ਦੀ ਟੋਰ ਬਣੀ ਮਿੱਠੀ ਜਿਹੀ

ਗਮ ਦੀ ਚਾਂਦਨੀ ਬੰਸੀ ਚੋਂ ਜਾਗ ਕੇ 

ਪਾਰੇ ਦੇ ਵਾਂਗ ਵਗਦੀ ਗਈ

ਜਿਵੇਂ ਇੱਕ ਟਿੱਲੇ ਤੋਂ ਜੋਗੀ ਕਿਸੇ

ਨਾਗ ਕਾਲਾ ਛੱਡਿਆ ਕਿਸੇ ਕਾਤਿਲ ਦੇ ਵਲ 

ਬਿਜਲੀ ਦੇ ਵਾਂਗ ਜੋ ਰੋਹੀਆਂ 'ਚ ਤਿਲ੍ਹਕਦਾ, 

ਤਿਵੇਂ ਸੋਹਣੇ ਦੇ ਬੁੱਲ੍ਹਾਂ ਚੋਂ ਨਿਕਲਕੇ 

ਆਤਮਾ ਦੇ ਅਨੰਤ ਰਾਹਾਂ ਦੇ ਕੰਢੜੇ 

ਸੁੱਤੇ ਉਮਰ ਦੇ ਦੁਸ਼ਮਣ ਨੂੰ ਡੰਗ ਕੇ 

ਇਕ ਵਾਜ ਜਾਂਦੀ ਤਿਲ੍ਹਕਦੀ, ਚਿਲਕਦੀ।

ਫਿਰ ਸਦੀਵੀ ਰੰਗ ਵਿਚ ਮਿੱਠੀ ਆਵਾਜ਼ 

ਯੁਗਾਂ ਤੋਂ ਵਗਦੀ ਨਦੀ ਦੇ ਵਾਂਗ 

ਤੁਰਨ ਲੱਗੀ ਆਤਮਾ ਖੋਰ ਕੇ ਸਾਰੀ। 

ਜਾਦੂ ਹੇਠ ਬੇਹੋਸ਼ੀ ਦੀ ਪਰੀ ਸੀ ਫੈਲੀ 

ਉਸ ਵੇਲੇ ਜਦੋਂ ਫਿਰ ਚਾਂਦਨੀ ਅੰਦਰ 

ਦੋ ਸਫ਼ੈਦ ਬੁੱਢੇ ਕੰਵਲ ਜਿਉਂ ਵਿਗਸੇ 

ਮਦ ਸੂਹੀ ਪੀਂਵਦੇ ਫਿਰਨੀ ਤੇ ਬਹਿ 

ਪਿੰਡ ਜਿਹਦੇ ਕੰਢੇ ਸੀ ਵਸਣਾ ਕਦੇ। 

ਘੋੜੇ ਦੇ ਭੇਸ ਵਿਚ ਦੇਵ ਦੇ ਵਾਂਗੂੰ 

ਪੁਰਾ ਸੀ ਦੌੜਦਾ ਫਿਰਦਾ

ਚੀਕਦੇ ਗੱਡੇ ਦੇ ਕੋਲ।

ਤ੍ਰਿਕਾਲਾਂ ਦੀ ਰੁੱਤੇ, ਨੇਰ੍ਹ ਦੇ ਘਾਟਾਂ ਤੇ 

ਨ੍ਹਾਉਣ ਆਈ ਚਾਨਣ ਦੀ ਤਾਰ ਕੁਈ ਕੁਈ। 

ਘੁਲੇ ਉਹ ਪੌਣੀਂ, ਸੁਣਕੇ ਜੋ ਬੰਸਰੀ 

ਪੰਛੀਆਂ ਦੇ ਨੈਣਾਂ ਚੋਂ ਅੱਥਰੂ ਵੱਗੇ। 

ਮੇਰੀ ਸਾਰੰਗ-ਤਿਖਾ ਨੂੰ ਮੂਰਛਿਤ ਕਰਕੇ 

ਦੋ ਹੋਠਾਂ ਚੋਂ ਵਗ ਪਈਆਂ ਸ਼ੀਰੀਆਂ। 

ਸੁਆਦ ਦੇ ਕੰਬਦੇ ਪੰਜੇ 'ਚ ਅੜੀ ਰਹੀ ਬੇਹੋਸ਼ੀ, 

ਹੜਾਂ ਵਿਚ ਮਧੁਰ ਤੁਣਕੇ ਮਹੀਨ ਕਿੰਨੇ

ਮੁਸਾਫ਼ਰਾਂ ਦੇ ਵਾਂਗ ਜੋ ਭੂਤ ਦੇ ਰਾਹਾਂ ਵਿਚ 

ਬਹੁਤ ਲੰਮੀ, ਬਹੁਤ ਵੈਰਾਗਨ ਹੋ ਖੋਈ 

ਸਿਤਾਰਿਆਂ ਤਕ ਭਰੀ ਉਸ ਨਦੀ ਦੇ ਅੰਦਰ 

ਲਾ ਕੇ ਤਾਰੀ ਵਿਛੜਦੇ ਦਰਦ ਦੇ ਕੰਢੇ ਤੋਂ

ਮਿਰੇ ਦੇਸ ਵਿਚ ਆਈਆਂ ਦੂਰ ਤੋਂ ਪੌਣਾਂ 

ਜੁਆਨ ਖੋਇਆ, ਰਿਹਾ ਬੁੱਢਾ, ਅਸੀਂ ਕੱਲੇ

ਲੱਖਾਂ ਨਦੀਆਂ ਦੇ ਪਾਰੋਂ ਬੰਸੀ ਮਾਰਦੀ ਵਾਜਾਂ 

ਪਾਣੀ ਦੇ ਅੰਦਰ ਮੇਰੇ ਫੇਫੜੇ ਤਰਦੇ ਸੀ 

ਪਾਣੀ ਹੀ ਪਾਣੀ ਮੇਰੇ ਸਾਹਾਂ 'ਚ ਫਿਰਦਾ

ਪਾਗਲ ਪਾਣੀਆਂ 'ਚ ਲਹੂ ਦੇ ਬੁਲਬੁਲੇ ਫੈਲੇ 

ਬਾਹਾਂ ਨੂੰ ਐਪਰ ਤੇਹ ਲਗੀ, ਮੇਰੀਏ ਜਿੰਦੇ

ਤੜਪਣ ਮੱਛੀਆਂ ਵਾਂਗੂੰ, ਖੋਹ ਜਿਹੀ ਪੈਂਦੀ— 

ਮੈਂ ਮਸਲਣਾ ਚਾਹੁੰਦਾ ਸਾਂ ਕਿਸੇ ਕੰਵਲ ਨੂੰ ਛਾਤੀ ਤੇ 

ਕਣ ਕਣ ਮੈਂ ਉਸਦੀ ਮਹਿਕ ਸੀ ਪੀਣੀ 

ਮਾਸੂਮੀਅਤ ਕਿਸੇ ਚਿਹਰੇ ਦੀ ਜ਼ਾਲਿਮ 

ਮੈਂ ਨੱਪਣੀ ਚਾਹੁੰਦਾ ਸਾਂ ਦਿਲ ਵਾਲੇ ਪਾਸੇ 

ਨੱਪ ਨੱਪ ਕਿਸੇ ਚਿਹਰੇ ਨੂੰ ਛਾਤੀ ਤੇ ਉਦੋਂ 

ਮੈਂ ਲਾਉਣਾ ਚਾਹਿਆ ਦੁੱਧ-ਰੰਗਾ ਨਿਸ਼ਾਨ- 

ਪਾਗਲਪਨ ਸਾਂਭ ਕੇ ਲੈ ਜਾ ਰਿਹਾ ਗੱਡੇ ਤੇ 

ਸ਼ਿਸ਼ ਕਿਸੇ ਰਿਸ਼ੀ ਦਾ ਫਿਟਕਾਰਿਆ ਹੋਇਆ।

- - - - - - - - - - - - - - - - - -

ਮੋਮਬੱਤੀਆਂ ਜਲੀਆਂ ਬ੍ਰਿਛਾਂ ਦੇ ਝੁੰਡ ਅੰਦਰ 

ਮੋਮ-ਕਤਰੇ ਟਾਹਣਾਂ ਚੋਂ ਢਹਿੰਦੇ

ਜਿਵੇਂ ਕੋਈ ਰੋਏ

ਕਾਲੇ ਨ੍ਹੇਰਾਂ 'ਚ ਕਿਚਰਕ ਵਿਯੋਗ ਖੋਏ

ਜਿਚਰਕ ਅਰਜ਼ਾਂ ਭਰੀ ਸੋਹਣੇ ਅੱਥਰੂ ਦੀ ਲੋਏ।

ਖਲੋ ਗਿਆ ਗੱਡਾ। ਵਿਰਲ ਚੋਂ ਦਿੱਸਿਆ :

ਮੇਰੀਆਂ ਉਡੀਕਾਂ ਚੋਂ ਵਿਛੜਿਆ ਪੱਥਰ 

ਜਿਸ ਤੇ ਥੱਕੇ ਸ਼ਲੋਕ ਸੀ, ਨਿੰਦਰਾਈਆਂ ਬੱਤੀਆਂ 

ਜੋ ਮੁੱਦਤਾਂ ਤੋਂ ਮੇਰੀ ਉਡੀਕ ਵਿਚ ਖੁਰੀਆਂ 

ਸ਼ਲੋਕਾਂ ਤੇ ਝੁਕੇ ਨੈਣ ਤ੍ਰਬਕ ਪਏ ਕਿੰਨੇ 

ਯਾਰ ਇਕ ਕੂਇਆ ਰਾਜੇ ਦੇ ਏਲਚੀ ਵਾਂਗੂੰ

“ਮਹਾਰਾਜ! ਤੁਸਾਂ ਦਾ ਫਿਟਕਾਰਿਆ ਸ਼ਿਸ਼ 

ਗੁਨਾਹਗਾਰ ਦੋਸਤ ਹੈ ਸਾਡਾ ਪਰਤਿਆ।”

ਗੱਡੇ ਤੋਂ ਹੱਥ-ਬੰਨ੍ਹ ਤੁਰਿਆ ਤਰਸ ਹੀ ਜਾਣੀ 

“ਇਹ ਪਿਛਲੇ ਜਨਮ ਵਿਚ ਮਲਾਹਾਂ ਦਾ ਪੁੱਤਰ ਸੀ 

ਯੁਗਾਂ ਤੋਂ ਏਸ ਨੇ ਪੀਤਾ ਨਹੀਂ ਪਾਣੀ।”

ਉਹ ਰਿਸ਼ੀ ਵੱਲ ਤੱਕੀ

ਨੈਣ ਉਸਦੇ ਸ਼ਾਂਤ ਚੁਪ-ਕੀਤੇ ਜਹੇ ਸਨ 

ਜਿਨ੍ਹਾਂ ਵਿਚ ਤਰਲਾ ਸੀ ਹਾਣੀਆਂ ਵਾਲਾ :

‘ਫਿਰ ਤੇਰੇ ਦਰਾਂ ਤੇ ਆਇਆ ਹੈ, ਬਾਬਾ

ਸ਼ਿਸ਼ ਕਿਸੇ ਰਿਸ਼ੀ ਦਾ ਫਿਟਕਾਰਿਆ ਹੋਇਆ।'

ਵਤਨ ਦੀਆਂ ਜੂਹਾਂ 'ਚ ਕੇ 

ਫੇਰ ਮੈਂ ਵਤਨ ਤੋਂ ਵਿਛੜਿਆ,

ਖੜੇ ਫਿਰ ਮੇਰੇ ਯਾਰ ਨਦੀ ਦੇ ਕੰਢੇ

ਛਿਪਿਆ ਦੂਰ ..ਫਿਰ ਕਿਸੇ ਦੇ ਰਾਹ ਤੇ ਸਲਾਮ। 

ਹੋਏ ਪਤਾ ਨਹੀਂ ਅਸੀਂ ਕਿੰਨੀ ਕੁ ਵਾਰ 

ਰਾਜਧਾਨੀਆਂ ਨ੍ਹੇਰੇ ਦੀਆਂ ਵਿਚ ਦਾਖ਼ਿਲ।

ਮੇਰੇ ਜਿਉਂ ਵਿਛੜੇ ਬਿਰਧ ਨੂੰ ਵੀ ਸ਼ਾਇਦ 

ਕਾਫ਼ਲੇ ਦਾ ਮਿਲਿਆ ਕੋਈ ਸੌਦਾਗਰ।

ਇਕ ਢੋਕ ਆਈ, ਅੰਬੇ ਗਏ ਬੈਲਾਂ ਦੇ ਪੈਰ 

ਥੱਕ ਗਏ ਗੱਡੇ ਦੇ ਪਹੀਏ

ਪੰਧ ਦਾ ਨਾਗ ਕਹਿਰ ਵਿਚ ਲਿਪਟਿਆ, 

ਖੁਲ੍ਹੇ ਅਰਸ਼ ਨੂੰ ਸੌਂਪ ਦਿੰਦਾ ਜਦੋਂ ਮਹਿਬੂਬ ਜਿਉਂ 

ਕਿਸੇ ਪੰਧ ਪਿੱਛੋਂ ਮੁਸਾਫ਼ਰ ਜਾਨ ਤੇ ਦੁਨੀਆ। 

ਆਉਣ ਵਾਲਾ ਸੀ ਉਹ ਪਲ ਜਦੋਂ ਕਿ ਬੁੱਢੇ ਨੇ 

ਕੁੱਲੀ ਵਾਲਿਆਂ ਨੂੰ ਲੰਮੀ ਵਾਜ ਇਕ ਮਾਰੀ— 

ਰਾਤ ਕੰਬੀ ਧੂਸ ਕਾਲੀ, ਬੁੱਤ ਕੁੱਝ ਕੰਬੇ— 

ਨੇਰੇ 'ਚ ਜਾਨ ਪੈ ਗਈ, ਇਨਸਾਨ ਜਨਮੇ !

ਦੋ ਨੇ ਮੈਨੂੰ ਅਡੋਲ ਗੱਡੇ 'ਚੋਂ ਲਾਹਿਆ 

ਉੱਗੀਆਂ ਰਾਤ ਦੇ ਕੰਧੇ ਮਾਨੁੱਖ ਦੀਆਂ ਬਾਹਾਂ।

ਪੌਣਾਂ ਉੱਠੀਆਂ ਗੰਧਲੀਆਂ ਨਦੀਆਂ ਦੇ ਵਾਂਗੂੰ 

ਮਲਾਹਾਂ ਦੇ ਘਰ ਪਿਛਲਾ ਜਨਮ ਸੀ ਮੇਰਾ; 

ਬਲ ਰਹੇ ਨੀਲ ਦੀ ਕਿਸ਼ਤੀਏਂ ਦੀਵੇ

ਕਿਸੇ ਅਨੰਤ ਘਾਟ ਨੂੰ ਕੱਸਿਆ ਜ਼ੰਜੀਰਾਂ, 

ਮਲਾਹ ਸਾਂ ਪਿਛਲੇ ਜਨਮ ਵਿਚ ਅੱਥਰੂਆਂ ਵਾਲੇ 

ਪੀ ਲਿਆ ਸਾਨੂੰ ਨਦੀਆਂ ਦੇ ਨੀਰਾਂ।

ਨੰਗੇ ਨੀਲ ਵਿਚ ਲੱਖਾਂ ਹੀ ਤਾਰੇ ਬਲੇ 

ਘਾਟ-ਕਿਸ਼ਤੀਆਂ ਵਿਚ ਸੁੱਤੇ ਮਲਾਹ

ਮੋਮਬੱਤੀਆਂ ਦੇ ਸਾਏ ਤ੍ਰਬਕਦੇ, ਜੀਕੂੰ 

ਪੈਗ਼ਾਮ ਕੋਈ ਸੂਰਜ ਦਾ ਆਇਆ ਕਿ ਆਇਆ।

ਮੈਂ ਆਹ ਜਹੀ ਸੁਣੀ ਇਕ ਨਦੀ ਦੇ ਪਾਰ 

ਮਲਾਹਾਂ ਦੇ ਸਿਰ ਉੱਤੇ, ਆਣ ਕੇ ਜੁੜੀਆਂ 

ਨੀਂਦ-ਜਾਗ ਦੋ ਸਈਆਂ ਲੋਰ ਦੇ ਘਾਟਾਂ ਤੇ-

ਕੂਕ ਨਿਕਲੀ ਕੈਦਖ਼ਾਨਾ ਅਕਲ ਦਾ ਢਾਹ ਕੇ

“ਵਾਜ ਮਾਰੀ ਕਿਸੇ ਨੇ ਮੈਨੂੰ, ਤੋੜ ਜ਼ੰਜੀਰਾਂ 

ਪਹਿਲੇ ਦਿਨ ਕਿਸ਼ਤੀ ਲੈ ਪਾਰ ਮੈਂ ਜਾਣਾ!"

ਭਰਾ ਕਮਲਾ ਜਿਹਾ ਸਮਝਕੇ ਵਾਜਾਂ ਨਿੱਘੀਆਂ 

ਆਈਆਂ ਕਿ ‘ਏਸ ਵੇਲੇ ਤੁਰਨ ਰਾਹੀ' 

ਮੈਂ ਕਿਹਾ ‘ਤੁਸੀਂ ਨਾ ਜਾਣੋਂ ਵੀਰਨੋ 

ਰੂਪ ਨੂੰ ਸੁੱਤਾ ਛੱਡ ਕੇ ਕੱਲਮ ਕੱਲੜਾ 

ਵਿਯੋਗ ਤਾਂ ਰਾਤਾਂ ਨੂੰ ਨਦੀਆਂ ਤੇ ਰੋਂਦਾ।'

ਪਾਰ ਬੁੱਧ ਦਾ ਅੱਥਰੂ ਲਿਸ਼ਕਿਆ ਜੀਕੂੰ। 

“ਤੋੜ ਦੇਵੋ ਮੇਰੇ ਲਹੂ ਦੀਆਂ ਜ਼ੰਜੀਰਾਂ

ਤੋੜ ਦੇਵੋ ਇਹ ਅੱਥਰੂ, ਇਹ ਚੀਕਾਂ ਤੋਂ ਖ਼ਾਲੀ। 

ਖਿੱਚੋ ਜ਼ਰਾ ਇਹ ਧੜਕਣਾ ਕਮਜ਼ੋਰ ਨੇ

ਬਸ ਨਿੱਕੇ ਜਿਹੇ ਦਿਲ ਤੋਂ ਉਭਰ ਕੇ ਡਿੱਗਣ।”

ਮੇਰੀ ਚੀਕ ਤੇ ਮੁਸਕਰਾ ਸੌਂ ਗਏ ਸੱਭੇ 

ਨਦੀਆਂ ਦੇ ਪਾਰ ਕੋਈ ਹੋਵੇ ਜਾਂ ਨਾ ਹੋਵੇ... 

ਖੁੱਲੇ ਨਸ਼ੇ ਦੇ ਗੁੰਚੇ, ਨੀਂਦ ਦੀਆਂ ਮਹਿਕਾਂ 

ਲੱਸਦੇ ਪਾਣੀਆਂ ਉੱਤੇ ਠੰਡ ਬਣ ਚੋਈਆਂ-

ਭੈ, ਦਰਦ, ਸ਼ੰਕੇ ਮੇਰੀ ਛਾਤੀ 'ਚ ਡੋਲਣ 

ਐਵੇਂ ਕੁੱਝ ਅੱਥਰਾਂ ਮੇਰੀ ਨਜ਼ਰ ਵਿਚ ਰੋਈਆਂ। 

ਵਾਜ ਆਈ, ‘ਜਾਗ ਵੀਰਾ ਪਾਰ ਹੈ ਜਾਣਾ।' 

ਜ਼ਾਤ ਮੇਰੀ ਨੀਵੀਂ ਅੰਤਲੀ ਵਾਰ ਹੱਸੀ :

“ਮੈਂ ਸ਼ਿਸ਼ ਤੇਰੇ ਗੁਰੂ ਦਾ ਫਿਟਕਾਰਿਆ ਹੋਇਆ 

ਬੋਲ ਨ, ਛੋਹ ਨ, ਵੇਖ ਮੈਨੂੰ।”

“ਵਾਲ ਮੇਰੇ ਖੁੱਲੇ ਚਿਰਾਂ ਤੋਂ ਵੀਰਾ, 

ਫਿਰ ਰੁਕ ਕੇ, ਠੰਡੀ ਵਾਜ ਵਿਚ ਬੋਲੀ

‘ਤੇਰਾ ਵੀ ਅੱਥਰੂ ਕਿਸੇ ਤੋਂ ਲੁਕਿਆ ਨਹੀਂ।” 

ਕੁੱਝ ਕਦਮ ਤਿਲ੍ਹਕੀ ਛੋਰ ਤੋਂ ਕਿਸ਼ਤੀ, 

ਲਹਿਰਾਂ ਸਾਜ਼ਸ਼ ਕਰਨ ਕੋਈ ਨ੍ਹੇਰ ਦੇ ਓਹਲੇ, 

ਸਮੇਂ ਸਮੇਂ ਗੋਤਾ ਜਿਹਾ ਆਉਂਦਾ ਸੀ ਸਾਨੂੰ; 

ਕਦੇ ਕਦੇ ਫ਼ਰਜ਼ ਜਿਹਾ ਪੂਰਾ ਕਰਨ ਲਈ 

ਸੁਸਤ ਜਿਹਾ ਚੱਪੂ ਮੈਂ ਪਾਣੀਆਂ 'ਚ ਮਾਰਾਂ।

ਵਾਲਾਂ ਦੀ ਛਾਂ ਪਲਮ ਪਈ ਮੇਰੀ ਛਾਤੀ ਤੇ 

ਨਾੜਾਂ 'ਚ ਬਿਜਲੀਆਂ ਦੌੜਣ, ਬਲਨ ਚੁੰਮਨ 

ਕਾਂਬਿਆਂ 'ਚ ਦੌੜ ਜਾਵਣ ਜੋ ਛੁਹਣ ਤੋਂ ਪਹਿਲਾਂ। 

ਜੁਗਾਂ ਜੀਵੇ ਕੇਸਾਂ ਦਾ ਰੇਸ਼ਮੀ ਬੁੱਲ੍ਹਾ। 

ਮਿਰੇ ਬੁੱਤ ਦੇ ਉੱਤੇ ਸਫ਼ੈਦ ਸ਼ੁਅਲੇ ਦੇ ਵਾਂਗ 

ਉਸ ਦੇ ਨੱਕ, ਕੰਨ, ਬੁੱਲ੍ਹਾਂ ਦਾ ਚਾਨਣ ਬਲੇ। 

ਜੀਅ ਕਰੇ ਉਸ ਰਵੀ ਦੇ ਬਲਦੇ ਹੱਥ ਨੂੰ ਫੜਕੇ 

ਪਾਣੀਆਂ 'ਚ ਮਾਰ ਜਾਵਾਂ ਸਦਾ ਲਈ ਗੋਤਾ। 

ਫਿਰ ਸੋਹਣੀ ਦੇ ਨੈਣਾਂ ਚੋਂ ਨਿਕਲਕੇ ਕੋਈ 

ਚਿੰਤਾ ਨਦੀ ਤੇ ਫੈਲੀ ਸ਼ਾਂਤ ਤ੍ਰਿਕਾਲਾਂ ਜਿਹੀ— 

ਵੇਹਣ ਸਜਨਾਂ ਦੇ ਅੱਥਰੂ ਨਦੀਆਂ ਦੀ ਲੀਲਾ 

ਪਿੰਡ ਕੇ ਮਰ ਜਾਣ ਕਿਸੇ ਦਹਿਲੀਜ਼ ਤੇ। 

ਭਿੱਜੇ ਨੈਣ ਲੈ ਅਸਾਂ ਨੇ ਪਾਰ ਜਾਣਾ 

ਬ੍ਰਿਹਾ ਜਗਾਵਣ, ਨਦੀਆਂ ਦੀ ਜ਼ਾਤ ਹੀ ਐਸੀ। 

ਮੈਂ ਵੇਖਿਆ ਵਿਛੜਦੀ ਸੋਹਣੀ ਦੇ ਵੱਲ 

“ਤਰਸ ਖਿਮਾ ਦੇ ਰਾਹਾਂ 'ਚ ਜਾਣ ਵਾਲੀ 

ਦਿਲ ਨੂੰ ਕਿਸੇ ਹੁਸਨ ਦੀ ਕੂਲ ਤੇ ਬੈਠਾ ਕੇ 

ਚਲੀ ਜਾਵੇਗੀ ਕਿਧਰ ਨੂੰ ? ਮੇਰਿਆ ਰੱਬਾ।” 

ਮੈਂ ਗਿਲਾ ਕਰਨ ਲਈ ਰੋਕਿਆ ਚੱਪੂ।

📝 ਸੋਧ ਲਈ ਭੇਜੋ