ਸੰਜੋਗ-ਵਿਜੋਗ ਦੀਆਂ ਨਦੀਆਂ

ਬੇਨਿਆਜ਼ ਯਾਰਾਂ ਦੀਆਂ ਸਹੀਆਂ

ਬੇਪਰਵਾਹੀਆਂ ਭਾਰੀ।

ਮੈਂਡੇ ਰੰਗ ਹਜ਼ਾਰਾਂ ਵੇਖਣ

ਲੰਘਦਿਆਂ 'ਵਾਜ ਮਾਰੀ।

“ਕੁਸ ਬੀਆਬਾਨ ਵਿਚ ਐਵੇਂ"

ਕਿਸੇ ਕਿਹਾ ਮੈਨੂੰ :

“ਧਰਤ ਦੇ ਪੈਂਡੇ ਮਿਲਣਗੇ ਤੈਨੂੰ

ਆਪਣੀ ਅੱਪਣੀ ਵਾਰੀ।” (੧)

ਨਦੀ ਦੇ ਪੱਤਣ ਖੁਰ ਖੁਰ ਜਾਂਦੇ

ਦਰ ਹਜ਼ਸ਼ਰਾਂ ਨੇ ਖੋਲ੍ਹੇ।

ਦੇਸ ਮਾਹੀ ਦਾ ਰਿਹਾ ਸਾਡਾ

ਰਾਹ ਸਦੀਆਂ ਦੇ ਰੋਲੇ।

ਕੁਝ ਪੁੱਛੇ ਕੁਝ ਦੱਸੇ 

ਹਰ ਕੁਈ ਹੋਇਆ ਬਿਗਾਨਾ, 

ਨਜ਼ਰਾਂ ਵਾਲਾ ਕਿਤੇ ਅਜੇ ਵੀ 

ਪੰਡ ਅਮਲਾਂ ਦੀ ਫੋਲੇ।(੨)

ਲਾ-ਮਕਾਂ ਦੇ ਸੀਨੇ ਵੱਜਦੇ 

ਕਿਸੇ ਗੁਨਾਹ ਦੇ ਹਾਸੇ।

ਧਰਤ ਦੇ ਸਬਰ ਨੇ ਫੇਰ ਬਣਾਏ

ਨਵੇਂ ਨਵੇਲੇ ਪਾਸੇ।

ਉੱਗ ਪੈਣਗੇ ਰੁੱਖ ਪੁਰਾਣੇ 

ਪਾਂਧੀਆਂ ਨੇ ਜੋ ਮਾਣੇ, 

ਤੋੜ ਦੇਵੋ ਬੇਸ਼ਕ ਅਸਮਾਨੋ 

ਧਰਤ ਦੇ ਸਾਰੇ ਕਾਸੇ। (੩)

ਮੈਂ ਜਾਣਾ ਕਿ ਇਕ ਦਿਨ ਕੇ 

ਕੌਲ ਜਗਾਣਾ ਤੈਨੂੰ।

ਸ਼ਾਹ ਅਸਵਾਰ ਨੂੰ ਦੇਖਣ ਖ਼ਾਤਰ 

ਧਰਤ ਸਦੇਂਦੀ ਕੈਨੂੰ ?

ਜਾਂ ਮੈਂ ਕਾਫ਼ਰ ਜਾਂ ਮੈਂ ਮੋਮਨ 

ਇਹ ਤਾਂ ਮਾਹੀ ਜਾਣੇ, 

ਵੇਦ ਕਤੇਬ ਗ੍ਰੰਥਾਂ ਸਾਹਵੇਂ

'ਵਾਜ ਪਵੇਗੀ ਮੈਨੂੰ। (੪)

ਆਲਮ ਭੇਦ ਫਾਸ਼ ਕਰ ਨਿਕਲੇ 

ਤੱਕਣ ਜੱਗ ਵਿਚ ਸ਼ਾਨਾਂ,

ਹੋਇ ਹੈਰਾਨ ਰਹੇ ਜਦ ਤੱਕੀਆਂ

ਖੂਹ 'ਤੇ ਅਜਬ ਰਕਾਨਾਂ।

ਜਿੰਦਾਂ ਜੀਣ ਜੋ ਸੰਘਣੇ ਰੁੱਖੀਂ 

ਤਿਨ੍ਹਾਂ ਨੂੰ ਸਮੇਂ ਤੋਂ ਦੂਰੋਂ

ਛੁਪੀਆਂ ਪਰੀਆਂ ਵਾਂਗ ਵੇਂਹਦੀਆਂ

ਜਲ ਥਲ ਦੀਆਂ ਉਡਾਣਾਂ। (੫)

ਲਾ-ਮਕਾਂ ਵੱਲ ਤੱਕਦੀ ਤੱਕਦੀ

ਧਰਤ ਪੁਰਾਣੀ ਹੋਈ।

ਕਬਰਾਂ ਭੇਸ ਪੰਛੀਆਂ ਦੇ ਵਿਚ

ਤੱਕਣ ਲੁਕ ਲੁਕ ਲੋਈ।

ਖੁਰੇ ਝਨਾਂ ਦੇ ਪੱਤਣ ਸਈਓ

ਸੱਸੀ ਦੇ ਰਾਹ ਭੁੱਲੇ,

ਬੈਠੇ ਕੌਣ ਤਾਰਿਆਂ ਸਾਹਵੇਂ

ਪੈੜ ਦੇ ਭੇਦ ਲਕੋਈ। (੬)

ਮੈਂ ਪਰਦੇਸੀ ਵਾ ਪੁਰੇ ਦੀਏ

ਮੈਨੂੰ ਵਾਜ ਨਾ ਮਾਰੀਂ।

ਲਹਿਰ ਝਨਾਂ ਦੇ ਉੱਤੇ ਮੇਰੇ 

ਚੁੱਪ ਵਿਚ ਰੰਗ ਉਤਾਰੀਂ।

ਭੇਦ ਸਮੇਂ ਦੇ ਸਾਹ ਮੇਰੇ ਵਿਚ

ਜਦ ਕਦ ਟੁੱਟਣ ਲੱਗਣ,

ਸਾਬਤ ਚੋਲਾ ਮਨਸੂਰਾਂ ਦਾ 

ਜਿੰਦ ਮੇਰੀ ਤੇ ਵਾਰੀਂ। (੭)

ਉਡਦੀ ਕੂੰਜੇ ਨਾਲ ਮੇਰੇ ਨੇ 

ਕਾਫ਼ਲਿਆਂ ਦੀਆਂ ਧੂੜਾਂ,

ਦੁਖੜੇ ਤੇਰੇ ਬੱਚੜਿਆਂ ਦੇ 

ਪਿਆ ਛੁਪਾਵਾਂ ਝੂਰਾਂ।

ਬੇਪਰਵਾਹ ਅਰਸ਼ ਦੇ ਪੈਂਡੇ

ਖੰਭ ਤੇਰੇ ਜੋ ਹੋਏ,

ਤਿਰਕਾਲਾਂ ਦੇ ਜਲ ਵਿਚ ਤੱਕੇ

ਕੰਬਦੇ ਕੰਬਦੇ ਬੂਰਾਂ। (੮)

ਮਿਰਜ਼ੇ ਦੇ ਤੀਰਾਂ ਜਿਉਂ ਜਦ ਵੀ 

ਜੋਬਨ ਛਲਿਆ ਢਹਿੰਦਾ,

ਚਰਖ ਦੇ ਸੀਨੇ 'ਤੇ ਕਿਧਰੋਂ

ਰੋਹ ਛੱਲਾਂ ਦਾ ਪੈਂਦਾ,

ਤੁਰਨ ਜਦੋਂ ਯਾਰ ਨਿਰਮੋਹੇ

ਕਰ ਇਕਲਾਪਾ ਮੈਨੂੰ,

ਵਾਂਗ ਫ਼ਕੀਰ ਕਬਰ ਦੇ ਸਾਹਵੇਂ

ਰਾਹ ਨਵਾਂ ਕੁਈ ਰਹਿੰਦਾ। (੯)

ਸੁਣੀ ਧਰਤੀਏ ਰੁੱਖਾਂ ਬਾਝੋਂ 

ਹੱਸ ਮਿਲੇਂਗੀ ਤੈਨੂੰ ?

ਕੋਟ ਹਜ਼ਾਰਾਂ ਗੋਰਾਂ ਦੇ ਵਿਚ 

ਗੋਰ ਮਿਲਣੀ ਤੈਨੂੰ। 

ਲਾ-ਮਕਾਂ ਵਿਚ ਡੁੱਬ ਜਾਵੇਂਗੀ 

ਹੋ ਪਰਦੇਸਨ ਇਕ ਦਿਨ, 

ਕਦੇ ਫ਼ਜਰ ਨੂੰ ਆਣ ਜਗਾਸੇਂ 

ਚੂਕ ਚਿੜੀ ਜਿਉਂ ਮੈਨੂੰ। (੧੦)

ਮਿੱਠੀ ਸੁਹਲ ਪੂਰੇ ਦੀਏ ਵਾਏ 

ਹੱਥ ਮੈਨੂੰ ਲਾਵੀਂ।

ਮੈਂ ਹਾਣ ਤੇਰੇ ਦੀ ਗੱਲ ਵਿਚ

ਬਾਹਵਾਂ ਅਜੇ ਪਾਵੀਂ।

ਵੱਡੇ ਤਕੜੇ ਮੁੱਕ ਜਾਣਗੇ

ਸਾਹ ਪਰਦੇਸੀ ਮੇਰੇ,

ਵਗ ਵਗ ਪੂਰੇ ਦੀਏ ਤਦ ਵਾਏ

ਬੋਲ ਸੱਜਣ ਦੇ ਲਿਆਵੀਂ। (੧੧)

ਲਾ-ਮਕਾਂ ਨੇ ਇਕ ਦਿਨ ਮੈਨੂੰ 

ਚੁੱਪ 'ਚੋਂ 'ਵਾਜ ਸੀ ਮਾਰੀ। 

ਦਰਮਾਂਦੇ ਹੱਥਾਂ ਨੇ ਸੁੱਟੀ 

ਕੰਬਦਿਆਂ ਜ਼ਿਮੀਂ 'ਤੇ ਖਾਰੀ। 

"ਪੀਲ੍ਹਾਂ ਤੋੜ ਮੌਜ ਵਿਚ ਕੁੜੀਏ 

ਭੈਅ ਵਿਚ ਕਿਉਂ ਤੂੰ ਡੋਲੇਂ

ਤੇਰੀਆਂ ਬੇਪਰਵਾਹੀਆਂ ਕੋਲੋਂ

ਖੈਰ ਮੰਗੀ ਮੈਂ, ਵਾਰੀ!" (੧੨)

ਬੇਮੁਹਾਰ ਉਡ ਉਡ ਕੇ ਉਮਰਾਂ 

ਪਰਵਾਜ਼ਾਂ ਅਸਮਾਨੀ

ਥਲਾਂ 'ਚ ਖੰਭ ਵੇਖ ਕੇ ਰੋਈਆਂ 

ਜਿਵੇਂ ਵਿਛੜਿਆ ਜਾਨੀ। 

ਮੁੜ ਉਹ ਚਾਪ ਸੁਣੀ ਸਈਓ 

ਡਾਚੀਆਂ ਪਰਤ ਆਈਆਂ, 

ਰਹੇ ਉਡੀਕ ਥਲਾਂ ਦੇ ਰਾਹੀ 

ਛੋੜ ਕਿਤੇ ਕਰਵਾਨੀ। (੧੩)

ਬੇਮੁਹਾਰ ਅੰਬਰ ਵਿਚ ਫਿਰਦੀ

ਅਲਬੇਲੀ ਪਰਦੇਸਨ।

ਪੁਰੇ ਦੀਏ ਵਾਏ ਤੈਨੂੰ 

ਨਜ਼ਰਾਂ ਕੌਲ ਇਹ ਦੇਸਨ।

ਅੱਥਰੂ ਬਾਲ ਕੇ ਵੇਖੇਂਗੀ ਜਦ

ਤਨ ਦੀ ਰੰਗਲੀ ਚੋਲੀ, 

ਵਰਭੰਡਾਂ ਦੀ ਰਾਖ 'ਚ ਰੁੱਤਾਂ

ਤੈਂਡੇ ਦਰਦ ਵੰਡੇਸਨ। (੧੪)

ਗਲੀ ਗਲੀ ਵਿਚ ਮਨ ਮੇਰੇ ਦੇ

ਖੁਰਦੇ ਜਾਣ ਟਿਕਾਣੇ।

ਵਿਛੜੀ ਡਾਚੀ ਥਲ ਮਾਰੂ ਗਲ

ਮਿਲਸੀ ਕਦੋਂ ? ਜਾਣੇ।

ਭੁੱਲੇ ਕੌਲ ਦੀਆਂ ਦੋ ਬੂੰਦਾਂ 

ਤ੍ਰਿਣ ਦੀ ਜੀਭ 'ਤੇ ਲਗਸਨ, 

ਮੈਂ ਇਹ ਲਹਿਰ ਨੂੰ ਫੇਰ ਮਿਲਸਾਂ 

ਸ਼ਹੁ ਦਰਿਆ ਦੇ ਭਾਣੇ। (੧੫)

ਵਰਭੰਡਾਂ ਦੀ ਕਬਰ 'ਚ ਸੁੱਕੇ 

ਕੂਕ ਕਿਹਾ ਦਰਿਆਵਾਂ :

“ਅਜੇ ਵੀ ਕੰਠ ਅਸਾਡੇ ਲੱਗਣ 

ਬੋਹੜ ਘਣੇ ਦੀਆਂ ਛਾਵਾਂ। 

ਤੰਗ ਘਸਮੈਲੀ ਨਜ਼ਰ ਨੇ ਭਾਵੇਂ 

ਸਾੜ ਦਿੱਤਾ ਹੈ ਸਾਨੂੰ, 

ਤੜਕੇ ਤੜਕੇ ਬਾਲ ਸਰ੍ਹਾਨੇ 

ਬੈਠ ਜਗਾਵਣ ਮਾਵਾਂ।” (੧੬)

ਸੰਘਣੇ ਪਿੱਪਲਾਂ ਦੀ ਛਾਂ ਵੱਲੇ 

ਪੈੜ ਮੁੜੇ ਕੋਈ ਮੇਰੀ।

ਮੰਗੂਆਂ ਨੇ ਪਹਿਚਾਣ ਲਈ ਹੈ 

'ਵਾਜ ਪੁਰਾਣੀ ਕਿਹੜੀ

ਵਾਵਰੋਲਿਆਂ ਦੇ ਵਿਚ ਜਾਂਦੇ

ਉਠ ਉਠ ਕਹਿਰ ਦੇ ਪੈਂਡੇ,

ਰਿਹਾ ਸੰਭਾਲ ਨਹੀਂ ਪਰ ਸੰਭਲੀ

ਰਮਜ਼ ਉਡਾਰੂ ਜਿਹੜੀ (੧੭)

ਪਿੰਡ ਦੇ ਖੰਡਰਾਂ ਉੱਤੇ ਝੁਲਦੇ 

ਪਿੱਪਲਾਂ ਹਰਿਆਂ-ਭਰਿਆਂ,

ਆਹਟ ਮਾਸੂਮ ਸੁਣੀ ਜੋ ਘੇਰੀ

ਥਲ ਥਲ ਉਡਦੇ ਵਰ੍ਹਿਆਂ।

ਓਸੇ ਆਹਟ 'ਚ ਧਰਤ ਨੇ ਅੱਪਣੇ

ਬੀਜ ਸਾਂਭ ਕੇ ਰੱਖੇ,

ਭੇਦ ਪਾਣੀਆਂ ਨੂੰ ਇਹ ਦੱਸੇ

ਕੋਟ ਕਾਫ਼ਲੇ ਮਰਿਆਂ। (੧੮)

ਚੜ੍ਹ ਚੜ੍ਹ ਚੜ੍ਹੀ ਥਲਾਂ ਵਿਚ ਨ੍ਹੇਰੀ

ਵੇਖੀ ਡਾਚੀਆਂ ਜਾਂਦੀ,

ਕਬਰਾਂ ਨੂੰ ਧਰਵਾਸੇ ਦਿੰਦੇ 

ਪੀਰ ਪੈਗੰਬਰ ਪਾਂਧੀ।

ਤਾਰੇ ਚੜ੍ਹੇ ਤਾਂ ਸੱਸੀ ਆਈ 

ਥਲ ਵਿਚ ਦੀਵਾ ਬਾਲਣ, 

ਇੱਕੋ ਅੱਥਰੂ ਲੰਘ ਹੋਇਆ

ਮੌਤ ਫਿਰੇ ਸ਼ਰਮਾਂਦੀ। (੧੯)

ਇਕ ਦਿਨ ਇੰਞ ਉਦਰੇਵੇਂ ਹੋਸਨ 

ਦੇਸ ਝਨਾਂ ਨੂੰ ਮੇਰੇ।

ਰੋ ਗੋਰਾਂ ਦੀ ਬਾਂਗ ਸੁਣਨਗੇ 

ਭਰੇ ਤ੍ਰਿੰਞਣ ਵਿਹੜੇ।

ਢਹਿ ਢੇਰੀ ਗੜ ਕੋਟ ਹੋਏ ਨੇ

ਸੱਭੇ ਸਾਂਝਾਂ ਗਈਆਂ,

ਗਾੜ੍ਹੀਆਂ ਧੂੜਾਂ ਦੇ ਵਿਚ ਡੁੱਬੀਆਂ 

ਪਾਉਣ ਦੁਆਵਾਂ ਫੇਰੇ। (੨੦)

ਸਿਖਰ ਦੁਪਹਿਰੇ ਸਰਕੜਿਆਂ 'ਚੋਂ

ਹੌਲ ਸੁਣਾਂ ਮੈਂ ਡਾਢੇ।

ਖ਼ਾਲੀ ਬੱਦਲੀ ਵੇਖ ਰਹੇ ਨੇ

ਮੂੰਹ ਅੱਡ ਘਾਮ ਦੁਰਾਡੇ।

ਬਾਰਾਂ ਬੇਲੇ ਹਾਰ ਚੁਕੇ ਨੇ

ਦਿਲਾਂ ਦੀ ਬਾਜ਼ੀ ਯਾਰੋ,

ਪਾਟੇ ਬੋਲ ਮੇਰੇ ਰੋ ਸੀਵਣ 

ਇਕ ਦਿਨ ਸੁੱਕੇ ਜਾਡੇ। (੨੧)

ਉੱਚੇ ਬੁਰਜ ਲਾਹੌਰ ਦੇ ਉੱਤੇ 

ਖੜ ਤਿਰਕਾਲਾਂ ਵੇਖਾਂ।

ਕਿਸੇ ਪੁਰਾਣੇ ਰਾਹ ਦੇ ਉੱਤੇ

ਪਈ ਜਗਾਵਾਂ ਰੇਖਾਂ।

ਰੰਗ ਬਦਲਦੇ ਕੇਸਾਂ ਸਾਹਮੇ

ਵਗਦੀ ਰਾਵੀ ਲੰਮੀ,

ਘੋੜ ਸਵਾਰ ਸਮੇਂ ਦੇ ਮੋੜੇ

ਭੇਦ ਭਰੇ ਅਜ ਲੇਖਾਂ। (੨੨)

ਠੰਢੀਆਂ ਰਾਤਾਂ ਦੇ ਵਿਚ ਬੈਠੀ

ਅੰਬਰ ਹੁਣ ਬੁਣ ਵੇਖਾਂ,

ਇਕ ਪਲ ਢੋਲ ਕਹਿਰ ਦਾ ਵੱਜੇ

ਇਕ ਪਲ ਮਿੱਠੀਆਂ ਹੇਕਾਂ।

ਝੱਖੜ ਦਿਲ ਦੇ ਮੋੜ ਸੱਕੀ

ਦਿਸੇ ਢਲਦਾ ਜੋਬਨ,

ਧੀਆਂ ਵਾਂਗ ਜਗਾ ਕੇ ਬੈਠੀ

ਮੈਂ ਧਰਤੀ ਦੀਆਂ ਰੇਖਾਂ। (੨੩)

ਉੱਚੇ ਬੁਰਜ ਲਾਹੌਰ 'ਤੇ ਖੜੀਏ 

ਨਾਲ ਲਸ਼ਕਰਾਂ ਰੋਵੇਂ। 

ਜਿੱਥੇ ਗਈ ਧੂੜ ਤੂੰ ਓਥੇ 

ਵਾਂਗ ਫ਼ਜਰ ਦੇ ਹੋਵੇਂ।

ਬਾਰ ਦੇਸ ਵਿਚ ਛਿਪ ਗਈ ਸੈਂ ਤੂੰ, 

ਮੈਂ ਮੁੜ ਫੇਰ ਕੀ ਦੇਖਾਂ

ਕਿਸੇ ਵਲੀ ਦਾ ਚੋਲਾ ਦਾਗ਼ੀ 

ਰਾਵੀ ਦੇ ਵਿਚ ਧੋਵੇਂ। (੨੪)

ਬੁੱਤ ਨੂੰ ਵੇਖ ਵੇਖ ਕੇ ਰੋਵਣ 

ਪਰਛਾਵੇਂ ਵਿਚ ਜਾਨਾਂ। 

ਨੂਰ ਦੇ ਹੜ੍ਹਾਂ ਨਾਲ ਖੇਡਨੈ

ਬਿਰਹਾ ਦੇ ਸੁਲਤਾਨਾ

ਬਿਰਹਾ ਦੇ ਵੀ ਫਲ-ਫੁੱਲ ਸੁੱਕੇ 

ਕੌਲ ਸੱਜਣ ਦੇ ਭੁੱਲੇ,

ਖੜੇ ਫ਼ਕੀਰ ਜਾਣ ਕਿਸ ਪਾਸੇ 

ਰੇਤ ਤਪੀ ਮੁਲਤਾਨਾਂ (੨੫)

ਬਿਰਹਾ ਨੂੰ ਕੰਡ ਦਿੱਤੀ ਆਖ਼ਿਰ 

ਕੁਲ ਅਦਲੀ ਅਸਮਾਨਾਂ। 

ਜਦ ਦਰਿਆਵਾਂ ਨੂੰ ਦਿੱਤਾ

ਦਰਦਾਂ ਦਾ ਨਜ਼ਰਾਨਾ।

ਸੱਚ ਦੀ ਪੈੜ ਵਖਾਵਣ ਖ਼ਾਤਰ

ਜੱਗ 'ਤੇ ਸੂਰਜ ਚੜ੍ਹਦੇ,

ਪੰਜਾ ਚਮਕ ਰਿਹਾ ਪਰਬਤ 'ਤੇ

ਵੇਖ ਰਿਹਾ ਮਰਦਾਨਾ। (੨੬)

ਘੋਰ ਫ਼ਰੇਬ ਸਮੇਂ ਵਿਚ ਪਲਦੇ

ਲੂਹੀਆਂ ਜੜ੍ਹਾਂ ਪ੍ਰੇਤਾਂ

ਵਾਵਰੋਲਿਆਂ ਦੇ ਵਿਚ ਵੜੀਆਂ

ਲਹੂ-ਲੁਹਾਣ ਹੋ ਰੇਤਾਂ।

ਪੈਂਡੇ ਪਾਕ ਬਣਾਏ ਸਈਓ

ਛੁਪੀ ਫ਼ਜਰ ਨੇ ਮੁੜ ਕੇ,

ਚਿੜੀ ਚੂਕਦੀ ਨੂੰ ਰਾਹ ਦੱਸੇ

ਬਿਰਖ ਦੇ ਸਾਂਭੇ ਭੇਤਾਂ। (੨੭)

ਦੂਰ ਸਮੇਂ ਦੇ ਖੂਹਾਂ ਦੇ ਵਿਚ 

ਹੂੰਗਰ ਸੁਣੀ ਫ਼ਕੀਰਾਂ।

ਝਿੰਮ ਝਿੰਮ ਤਾਰਿਆਂ ਦੇ ਵਿਚ ਰੁਮਕਣ 

ਲੂਹੀਆਂ ਰਾਖ ਸਮੀਰਾਂ।

ਖੋਏ ਅੰਗ ਜ਼ਿਮੀਂ ਦੇ ਤੜਫੇ 

ਜਾਗ ਪਤਾਲਾਂ ਤੀਕਣ,

ਜਾ ਜੋਗੀ ਦੀ ਪਿਆਸ ਬੁਝਾਈ 

ਚਿਰਾਂ ਤੋਂ ਸੁੱਕਿਆਂ ਨੀਰਾਂ। (੨੮)

ਅੱਧੀ ਰਾਤੀਂ ਰੋਹੀਏਂ ਖੇਡੇ 

ਤਰਲ ਨਾਗ ਹੈਰਾਨੀ।

ਤੰਦੂਏ ਵਾਂਗ ਧਰਤ ਨੂੰ ਖਿੱਚੇ 

ਕੋਈ ਸੱਦ ਹੈਵਾਨੀ।

ਹੌਲ ਪਿਆ, ਸ਼ੀਸ਼ੇ ਦੇ ਵਾਂਗੂੰ 

ਝਿੰਮ ਝਿੰਮ ਗਗਨ ਦੀ ਟੁੱਟੀ— 

ਖੜੇ ਸਰ੍ਹਾਨੇ ਦੇਣ ਦਿਲਾਸਾ 

ਬੋਲ ਕਿਤੋਂ ਬਾਬਾਣੀ। (੨੯)

ਹੁਸਨ ਦਾ ਕਿਹੜਾ ਬੋਲ ਪੁਗਾਵਾਂ 

ਕਿਹੜੀ ਨਦੀ 'ਤੇ ਰੋਆਂ। 

ਦੂਰ ਸਮੇਂ ਦੇ ਸਿਰ ਦੇ ਦਿੱਸਣ 

ਸ਼ਮਸ਼ੀਰਾਂ ਦੀਆਂ ਲੋਆਂ।

ਸੰਞ ਮਨ੍ਹੇਰ ਦੇ ਭੁੱਲੇ ਰਾਹ 'ਤੇ 

ਮੁੜ ਉਹ ਨਜ਼ਰ ਆਈ-

ਲੰਘੇ ਜਸ਼ਨ ਉਮਰ ਦੇ ਯਾਰਾ 

ਬਸ ਰਹੀਆਂ ਕੰਨਸੋਆਂ। (੩੦)

ਦੇਖ ਦਿਲਾ ! ਅੱਪਣੇ ਹੀ ਪੈਂਡੇ

ਕਿਸ ਪਾਸੇ ਉੱਠ ਚੱਲੇ। 

ਰੁਲਦੇ ਕੌਲ, ਉਡੀਕਾਂ ਮੋਈਆਂ, 

ਘਾਟ ਨਿਮਾਣੇ 'ਕੱਲੇ

ਅੱਜ ਉਹਨਾਂ ਸ਼ੀਂਹਾਂ ਲਈ ਰੋਂਦੀ

ਕੱਲ ਜਿਨ੍ਹਾਂ ਤੋਂ ਡਰਦੀ, 

ਸ਼ਾਲਾ! ਸੁੰਞੀ ਵਾਟ ਕਦੇ ਨ 

ਪਵੇ ਅਸਾਡੇ ਪੱਲੇ। (੩੧)

ਸੂਰਜ ਚੰਨ ਤਾਰਿਆਂ ਦੇ ਵਣ 

ਧੁੰਧਲੇ ਭੇਦ ਉਲੀਕਣ।

ਹਰਨੀ ਵਾਂਗ ਧਰਤ ਇਹ ਦੇਖੋ 

ਅੰਧ ਕਾਲ-ਥਲ ਤੀਕਣ। 

ਨੈਣਾਂ ਦੇ ਵਿਚ ਹੜ੍ਹ ਸਮਿਆਂ ਦੇ 

ਦਿਸਹੱਦੇ ਕੁੱਲ ਡੁੱਬੇ,

ਕਦ ਕੂੰਦੇ ਇਕਰਾਰ ਮਾਹੀ ਦਾ 

ਭੈਅ ਵਿਚ ਨੈਣ ਉਡੀਕਣ। (੩੨)

ਰਾਹ ਪੰਜਾਬ ਦੇ ਵੇਖੀਂ ਜਾ ਕੇ 

ਸਿਖਰ ਉਡੇਂਦੀਏ ਕੂੰਜੇ।

ਹਿਜਰ ਅਬੋਲ ਮਿਰਾ ਵਿਚ ਰਾਤਾਂ

ਜਿਹਲਮ ਸਿੰਧ 'ਤੇ ਕੂੰਦੇ।

ਕੁੜੀ ਚਿੜੀ ਕਿਸੇ ਤੋਂ ਪੁੱਛੀ

“ਕੀ ਢੋਕਾਂ ਵਿਚ ਹੁਣ ਵੀ,

ਜ਼ਖ਼ਮ ਪੁਰਾਣਾ ਤੰਦ ਨਵੀਂ ਤੇ

ਵਿਚ ਤ੍ਰਿੰਞਣ ਊਂਘੇ।” (੩੩)

ਸੁੱਕੇ ਬ੍ਰਿਛ, ਵਗਣ ਪਾਣੀ,

ਪੰਖੀ ਮਿਰਗੁ ਜੀਵਣ।

ਪਰ ਪਰੇ ਮਿੱਟੀ ਦੇ ਓਹਲੇ

ਬੁੱਤ ਪੁਰਾਣੇ ਥੀਵਣ।

ਅਦਭੁਤ ਧਰਤ ਮਿਰੀ ਦਾ ਡੋਲਾ 

ਸਾਹਾਂ ਚੁੱਕਿਆ ਹੋਇਆ,

ਝਿਲਮਿਲ ਝਿਲਮਿਲ ਪਾਣੀ ਮਾਵਾਂ 

ਸ਼ਗਨ ਮਨਾਂਦੀਆਂ ਪੀਵਣ। (੩੪)

📝 ਸੋਧ ਲਈ ਭੇਜੋ