ਹੁਣ ਤਾਂ ਮੈਨੂੰ

ਇਹ ਸੰਸਾ ਹੈ

ਸਚ ਮੁਚ ਮੇਰੀ

ਨਾ ਹੋ ਜਾਏ

ਜਗ ਦੀਆਂ ਰਹੁ ਰੀਤਾਂ ਅਨੁਸਾਰ

ਅਤੇ ਆਪਣਾ 

ਪਿਆਰ

ਰਹਿ ਨਾ ਜਾਵੇ

ਅਧ ਵਿਚਕਾਰ।

ਅਜੇ ਨਹੀਂ

ਆਪਾਂ ਨੂੰ ਸਾਰ

ਕੀ ਹੁੰਦੀਆਂ ਨੇ

ਜੀਵਨ ਪੀੜ ਦੀਆਂ ਕੜਵੱਲਾਂ

ਕਿੰਨੇ ਰਹੇ

ਖੇਡ ਜਾਣ ਕੇ

ਗੱਲੀਂ ਬਾਤੀਂ

ਭਾਵੇਂ ਸੀਸ

ਤਲੀ 'ਤੇ ਧਰਦੇ

ਮਿਲਦੇ ਰਹੇ

ਚਾਨਣੀ ਰਾਤੀਂ

ਤੇ ਨਿੱਤ ਕਰਦੇ

ਫੁੱਲ ਕਲੀਆਂ ਦੀ

ਮਹਿਕਾਂ ਦੀਆਂ ਸੀ ਗੱਲਾਂ।

ਨੇੜੇ ਹੋ ਕੇ

ਇੰਜ ਲੱਗਦਾ ਹੈ

ਭਲਕੇ ਸਾਨੂੰ

ਰੋਟੀ ਟੁੱਕਦੀ ਚਿੰਤਾ ਹੋਣੀ 

ਫੁਲ ਕਲੀਆਂ ਦੀਆਂ

ਮਹਿਕਾਂ ਦੇ ਵਿਚ

ਘੁਲ ਜਾਣਾ ਹੈ ਲੂਣ ਵਿਸਾਰ।

ਚੰਨ ਜੋ ਸਾਡੇ ਕੋਲ ਨਹੀਂ ਹੈ

ਇਤਨਾ ਸੋਹਣਾ

ਮਨ ਮੋਹਣਾ ਹੈ

ਧੁੰਦਲ ਭਰਿਆ

ਖਰ੍ਹਵਾ ਖਰ੍ਹਵਾ

ਇਸ ਦਾ ਪਿੱਛਾ

ਸੋਹਲ ਨਹੀਂ ਹੈ।

ਜ਼ਿੱਦ ਭਾਵਾਂ ਦੀ

ਦੂਰੋਂ ਦੂਰੋਂ 

ਪਿਆਰ ਜਿਹਾ

ਇਕ ਵਹਿਮ ਰਿਹਾ ਜੋ

ਰਹੀ ਕਲਪਨਾ

ਕਰਤੱਬ ਕਰਦੀ

ਇਕ ਦੂਜੇ ਤੋਂ

ਖੁੰਝ ਜਾਵਣ ਦਾ

ਸਹਿਮ ਰਿਹਾ ਜੋ

ਬਣ ਨਹੀਂ ਸਕਿਆ

ਸਾਂਝੀ ਲੰਘੀ

ਔਕੜ ਵਿਚੋਂ

ਜਾਗੀ

ਰੂਹ ਦੀ ਕੋਈ ਨੁਹਾਰ।

ਹੁੰਦਾ ਦਿਸਦਾ

ਮੈਨੂੰ ਆਪਣਾ

ਗੰਢ ਚਿਤਰਾਵਾ

ਤੇ ਇਹ ਸੰਸਾ 

ਆਇਆ ਅੱਗੇ

ਜੀਕਣ ਆਪਾਂ 

ਇਕ ਛਲੇਡਾ

ਪਕੜਨ ਲੱਗੇ

ਬਣ ਨਾ ਜਾਏ

ਸਾਰੀ ਉਮਰ ਲਈ ਪਛਤਾਵਾ।

📝 ਸੋਧ ਲਈ ਭੇਜੋ