ਸੰਸਾ ਆਵੇ ਕਦੇ ਕਦੇ
ਮਨ ਦੀ ਮੰਜੀ ਬੈਠੇ
ਧੀਮਾ ਧੀਮਾ ਬੋਲੇ
ਕੱਕੇ ਰੇਤੇ ਵਾਂਗ ਕਿਰੇ
ਜਿੰਨਾ ਚਿਰ ਮੇਰੇ ਨਾਲ਼ ਰਹੇ
ਠੰਢੀ ਠੰਢੀ ਰਿਵੀ ਵਗੇ
ਪਤਾ ਨਾ ਲਗੇ ਕਿਸ ਪਲ ਅੰਦਰ
ਇਕ ਦੂਜੇ ਦਾ ਹਥ ਫੜ ਲਈਏ
ਪੈਰ ਤਿਲ੍ਹਕ ਜੇ
ਡੂੰਘੀ ਖੱਡ ਦੇ ਹੇਠਾਂ ਵਗਦੀ
ਨਦੀ ਚ ਡਿੱਗੀਏ
ਡੁਬਦੇ ਤਰਦੇ ਰਾਤ ਲੰਘਾਈਏ
ਭਿਜੇ ਕਪੜੇ ਗਲ਼ ਵਿਚ ਪਾਈ
ਬਿਰਖਾਂ ਓਹਲੇ ਉਦੇ ਜੋ ਹੋਣਾ
ਉਸ ਸੂਰਜ ਵਲ ਤੱਕੀਏ
ਸੂਰਜ ਚੜ੍ਹਦਾ ਕਦੇ ਕਦੇ
ਮੈਂ ਸੰਸੇ ਨੂੰ ਕਦੇ ਨਾ ਸੱਦਾਂ
ਫਿਰ ਵੀ ਆਵੇ
ਅਜ ਮੈਂ ਘਰ ਦਾ ਬੂਹਾ ਲਾਇਆ
ਬੱਤੀ ਬਾਲ਼ੀ ਤੇਜ ਰੋਸ਼ਨੀ ਕੀਤੀ
ਗਰਮ ਦੁਧ ਵਿਚ ਲੈਚੀ ਪਾਈ
ਸ਼ਹਿਦ ਘੋਲ਼ਿਆ
ਪੀ ਕੇ ਬਿਸਤਰ ਬੈਠਾ
ਢੋਅ ਸਿਰਹਾਣਾ ਲਾ ਕੇ ਮਹਾਂ ਕਵੀ
ਟੇਗੋਰ ਦੀ ਕਵਿਤਾ ਪੁਸਤਕ ਖੋਲ੍ਹੀ
ਸ਼ਬਦਾਂ ਨੂੰ ਅੱਖਾਂ ਸੰਗ ਲਾਇਆ
ਅੱਖਰ ਡੂੰਘੀਆਂ ਗੱਲਾਂ ਕਰਦੇ
ਹੌਲ਼ੀ ਹੌਲ਼ੀ ਬਣੇ ਅਜਨਬੀ
ਅੱਖਰਾਂ ਵਿਚੋਂ ਸੁਰਮੇਂ ਰੰਗਾ
ਸੰਸਾ ਉਭਰ ਆਇਆ
ਮੈਨੂੰ ਬਾਹੋਂ ਫੜ੍ਹ ਉਠਾਇਆ
ਗਲ਼ ਨਾ ਲਾਇਆ
ਦੁਖ ਸੁਖ ਕਰਨ ਬਹਿ ਗਿਆ
ਅੱਧੀ ਰਾਤੀਂ
ਚੁੱਪ ਦੀ ਜੋਤ ਜਗੇ
ਸੰਸਾ ਆਵੇ ਕਦੇ ਕਦੇ