ਸੱਧਰਾਂ ਮਾਰ ਕੇ ਜੀਵੀ ਹਾਂ ।

ਹੁਣ ਸੰਸਕਾਰੀ ਕਹਾਉਨੀ ਆਂ ।

ਬਾਹਰ ਤੇ ਘੱਟ ਈ ਕੇਰੇ ਨੇ ।

ਜ਼ਿਆਦਾ ਅੰਦਰ ਈ ਰੋਨੀ ਆਂ ।

ਬਾਹਰ ਵਾਲੇ ਤੇ ਤੁਬਕੇ ਨੇ ।

ਅੰਦਰ ਮੈਂ ਪੂਰਾ ਨਹਾਉਂਨੀ ਆਂ ।

ਕੁਝ ਹਾਦਸੇ ਚੰਦਰੇ ਚਿੰਬੜ ਗਏ ।

ਉਹਨਾਂ ਨਾਲ ਨਿੱਤ ਜਾਗਦੀ ਆਂ ।

ਤੇ ਉਹਨਾਂ ਨਾਲ ਹੀ ਸਾਉਂਨੀ ਆਂ ।

ਲੋਕੀਂ ਆਖਦੇ 'ਸਰਬ' , ਕਿੰਨਾ ਹੱਸਦੀ ਏਂ ।

ਮੈਂ ਕਿਹਾ, ਹਾ ਹਾ, ਮੋਤੀ ਪਰੋਨੀ ਆਂ ।

ਸੱਜਣਾ ਦੇ ਨਾਂ ਗੀਤ ਲਿਖੇ ਕੁਝ ।

ਮੈਂ ਰੀਝਾਂ ਨਾਲ ਸੁਣਾਉਨੀ ਆਂ ।

ਖਾਹਿਸ਼ਾਂ 'ਤੇ ਕਿਉਂ ਜਿੰਦਰੇ ਲਾਏ ।

ਆਥਣ ਬਹਿ ਪਛਤਾਉਨੀ ਆਂ ।

ਜਿੰਨਾ ਬਾਹਰੋਂ ਹੱਸਾਂ ਮੈਂ  ।

ਅੰਦਰੋਂ ਓਨਾ ਰੋਨੀ ਆਂ ।

ਸੱਧਰਾਂ ਦੀਆਂ ਕਬਰਾਂ ਸਜੀਆਂ ਨੇ ।

ਮੈਂ ਜਿਹਨਾਂ ਉੱਤੇ ਸਾਉਨੀ ਆਂ ।

ਸਾਰੇ ਈ ਏਂਦਾਂ ਜਿਉਂਦੇ ਹੋਣੇ ।

ਦਿਲ ਨੂੰ  ਇੰਝ ਸਮਝਾਉਨੀ ਆਂ ।

ਸੱਧਰਾਂ ਮਾਰ ਕੇ ਜੀਵੀ ਹਾਂ ।

ਹੁਣ ਸੰਸਕਾਰੀ ਕਹਾਉਨੀ ਆਂ ।

📝 ਸੋਧ ਲਈ ਭੇਜੋ