ਇਹ ਮਾਂ ਧਰਤ
ਕੰਮੀਆਂ ਦੀ ਕਦੇ ਵੀ ਨਹੀਂ ਹੋਈ ਸੀ
ਤੇ ਨਾ ਹੀ ਇਹ ਮਘਦਾ ਸੂਰਜ
ਵਿਹੜਿਆਂ ਦਾ
ਜੇ ਇਹ ਧਰਤ ਕੰਮੀਆਂ ਦੀ
ਚੱਪਾ ਕੁ ਵੀ ਹੁੰਦੀ
ਤਾਂ ਇਹ ਰਜਵਾੜੇ
ਨਵੀਆਂ ਚੜਾਈਆਂ
ਵੰਗਾਂ ਦੇ ਗੀਤਾਂ ਨੂੰ
ਘਾਹ ਖੋਤਣ ਤੋਂ ਨਾ ਰੋਕਦੇ
ਚੁੰਨੀਆਂ
ਲੀਰਾਂ ਹੋ ਕੇ ਨਾ ਆਉਂਦੀਆਂ ਘਰਾਂ ਨੂੰ
ਜ਼ਮੀਨਾਂ ਨਾਲ ਮੋਹ
ਜਿੰਨਾ ਕੰਮੀਆਂ ਦਾ ਹੁੰਦਾ ਹੈ
ਓਨਾਂ ਜ਼ਿੰਮੀਂਦਾਰਾਂ ਦਾ ਨਹੀਂ ਹੁੰਦਾ
ਉਹਨਾਂ ਦਾ ਵੱਧ
ਖੂਨ ਪਸੀਨਾ
ਸਿਆੜਾਂ ਵਿੱਚ ਉੱਗਦਾ ਹੈ
ਤੇ ਇਹ ਸੂਰਜ
ਉਹਨਾਂ ਦਰਬਾਰਾਂ ਵਿੱਚ ਹੀ ਮਘਦੇ ਨੇ ਜਿੱਥੇ ਕਿ ਪਹਿਲਾਂ ਹੀ ਕਈ ਕਈ
ਚੁੱਲ੍ਹੇ ਬਲਦੇ ਨੇ
ਅਸਲ ਵਿੱਚ ਇਹ ਸੂਰਜ
ਉਹਨਾਂ ਦੇ ਹੀ ਹਨ ਦਰਬਾਰੀ
ਤੇਰੀ ਆਵਾਜ਼
ਉੱਚੀ ਵੀ ਤੇ ਸੁਰੀਲੀ ਵੀ ਸੀ
ਤਾਂਹੀ ਤੈਨੂੰ ਪੀਏਯੂ ਆਡੀਟੋਰੀਅਮ ਵਿੱਚ
ਤੇ ਨਕੋਦਰ ਸੱਦ ਸੱਦ
ਟਰਾਲੀਆਂ ਤੇ ਸੁਣਿਆ ਕਰਦੇ ਸਾਂ
ਤੇ ਹੋਰ ਸੁਣ
ਏਥੇ ਕੋਈ ਨਹੀਂ ਸਮਝਦਾ ਗਰੀਬ ਦੀਆਂ ਤੰਗੀਆਂ ਤੁਰਸ਼ੀਆਂ ਨੂੰ,
ਜਿਸਮਾਂ ਦੀ ਭੁੱਖ
ਤੁਰੀ ਫਿਰਦੀ ਹੈ ਗਲੀਆਂ ਵਿੱਚ
ਹਾਬੜੀ ਹੋਈ ਜੀਪਾਂ ਤੇ
ਹਰਲ ਹਰਲ ਕਰਦੀ
ਅੰਗੂਠੇ ਸਦਾ ਨੰਨੀਆਂ
ਸੰਘੀਆਂ ਨੂੰ ਹੀ ਮਿਲਦੇ ਰਹਿਣਗੇ
ਤੇ ਹਰ ਸਾਲ ਬਲਦੀਆਂ ਰਹਿਣਗੀਆਂ ਲੋੜ੍ਹੀਆਂ ਦੀਆਂ ਧੂਣੀਆਂ
ਵੱਡਿਆਂ ਘਰਾਂ ਵਿੱਚ
ਵਿਹੜਿਆਂ ਵਿੱਚ ਜੰਮੀਆਂ ਹੀਰਾਂ ਤਾਂ
ਇਹਨਾਂ ਦੀ ਚੂਰੀ ਕੁੱਟਣ ਲਈ ਸਾਹ ਲੈਂਦੀਆਂ ਹਨ
ਜਾਂ ਇਹਨਾਂ ਦੇ ਗੀਗੇ ਖਿਡੌਣ ਨੂੰ
ਵੇਲਾ ਹੈ
ਜੰਮਦੇ ਸੀਰ੍ਹੀ ਨਾ ਬਣਨ ਦਾ
ਫਿਰ ਕਰਜ਼ੇ ਹੇਠ ਪੰਜ਼ੀਰੀਆਂ
ਕਦੇ ਨਹੀਂ ਰਹਿਣਗੀਆਂ
ਤੇ ਨਾ ਹੀ ਕੋਈ ਕਾਂ ਕੂੰਜਾਂ ਨੂੰ ਘੇਰੇਗਾ
ਮੇਰਾ ਇਹ ਦਾਅਵਾ ਹੈ
ਜੇ ਕਿਤੇ
ਮਹਿੰਦੀ ਵਾਲੇ ਚਾਅ
ਹਾਰ ਨਾ ਮੰਨਣ ਤਾਂ
ਦੱਸ ਫਿਰ ਕਿਵੇਂ ਬਣਨਗੀਆਂ
ਅਣਵਿਆਹੀਆਂ ਮਾਵਾਂ
ਤੇ ਸੁਣ
ਜੇ ਇਸੇ ਤਰ੍ਹਾਂ ਹੀ
ਵਾਸਤੇ ਪਾਉਂਦਾ ਰਹੇਂਗਾ ਸੂਰਜਾਂ ਦੇ
ਫਿਰ ਕਿਸੇ ਸੂਰਜ ਨੇ ਵਿਹੜੇ ਨਹੀਂ ਵੜ੍ਹਨਾ ਸਦੀਆਂ ਤੀਕ
ਤੇ ਹਾਂ ਆਪ ਬਣੀਦਾ ਨਿੱਕੇ ਨਿੱਕੇ ਸੂਰਜ