ਇੱਕ ਦਿਨ ਖਿਆਲਾਂ ਵਿੱਚ ਮੇਰੇ,
ਗੁਰੂ, ਦੇਵਤੇ, ਪੀਰ ਸਭ ਆਏ ਸਨ,
ਤੇ ਸਭ ਨੇ ਦਰਦ ਭਰੇ ਲਹਿਜੇ 'ਚ
ਇਹ ਹੂਕ ਭਰੇ ਬੋਲ ਫੁਰਮਾਏ ਸਨ।
ਆਖਣ ਲੱਗੇ..
ਅਸਾਂ ਤਾਂ ਸਿਰਫ਼ ਫੁੱਲ ਬੀਜੇ ਸਨ,
ਫੁੱਲਾਂ ਦੇ ਕੰਡੇ ਕਿਨ ਬਣਾ ਦਿੱਤੇ ?
ਮੁਹੱਬਤਾਂ ਦੀ ਉਪਜਾਊ ਮਿੱਟੀ 'ਚ
ਨਫਰਤਾਂ ਦੇ ਕੰਕੜ ਕਿਨ ਰਲਾ ਦਿੱਤੇ ?
ਲੋਕਾਂ ਦੇ ਮਿਹਨਤੀ ਹੱਥਾਂ ਵਿੱਚ,
ਜਾਨਲੇਵਾ ਹਥਿਆਰ ਕਿਨ ਫੜਾ ਦਿੱਤੇ ?
ਤੇ ਮੈਂ ਬੋਲਿਆ..
ਹਾਂ ਤੁਸਾਂ ਸਿਰਫ਼ ਫੁੱਲ ਬੀਜੇ ਸਨ,
ਖੁਦਗਰਜ਼ਾਂ ਨੇ ਇਹ ਕੰਡੇ ਬਣਾ ਦਿੱਤੇ,
ਭਾਰਤ-ਪਾਕਿ ਤੇ ਰਾਜ ਕਰਨ ਲਈ,
ਕੁੱਤੇ ਰਾਜਿਆਂ ਇਹ ਕਹਿਰ ਕਮਾ ਦਿੱਤੇ,
ਗਹਿਰੇ ਜਖਮ ਦੇ ਕੇ ਲੋਕਾਈ ਨੂੰ,
ਧਰਮਾਂ ਦੇ ਅਰਥ ਹੀ ਪਲਟਾ ਦਿੱਤੇ,
ਖੁਦਗਰਜ਼-ਹਵਸ ਦੀ ਪੂਰਤੀ ਲਈ,
ਭਾਰਤ ਦੇ ਟੋਟੇ ਕਰਵਾ ਦਿੱਤੇ।
ਤੇ ਉਹਨਾਂ ਮਹਾਂਪੁਰਖਾਂ ਇਹ ਸੁਣ ਕੇ,
ਨੈਣੋਂ ਹੰਝੂਆਂ ਦੇ ਨੀਰ ਵਹਾ ਦਿੱਤੇ,
ਸਿੱਧੂ' ਭਲਾ ਹੋਵੇਗਾ ਸਭ ਇਨਸਾਨ ਬਣੋ,
ਆਖਿਰ ਏਕਤਾ ਦੇ ਬੋਲ ਫੁਰਮਾ ਦਿੱਤੇ।