ਸਾਨੂੰ ਆਪਣੇ ਉੱਤੇ ਐਡਾ ਮਾਣ ਵੀ ਨਹੀਂ

ਸਾਨੂੰ ਆਪਣੇ ਉੱਤੇ ਐਡਾ ਮਾਣ ਵੀ ਨਹੀਂ ।

ਸੱਚੀ ਗੱਲ ਏ ਮਜਨੂੰ ਸਾਡਾ ਹਾਣ ਵੀ ਨਹੀਂ ।

ਉਹਦੇ ਅੱਗੇ ਡਰਿਆ ਡਰਿਆ ਰਹਿੰਦਾ ਏ,

ਵੈਸੇ ਦਿਲ ਨੂੰ ਉਹਦੀ ਕੁੱਝ ਪਹਿਚਾਣ ਵੀ ਨਹੀਂ ।

ਹਿਜਰ ਵਿਛੋੜੇ ਦੇ ਦਿਨ ਕਿਸਰਾਂ ਜਰਦਾ ਹਾਂ,

ਮੇਰੇ ਜੁਸੇ ਦੇ ਵਿਚ ਐਡੀ ਜਾਨ ਵੀ ਨਹੀਂ ।

ਮੇਰਾ ਰੋਣਾ ਸੁਣ ਕੇ ਉਹ ਪਿਆ ਕਹਿੰਦਾ ਸੀ,

ਤੇਰੇ ਰੋਣੇ ਦੇ ਵਿਚ ਸੁਰ ਤੇ ਤਾਨ ਵੀ ਨਹੀਂ ।

ਐਵੇਂ ਲੋਕੀ ਮਜ੍ਹਮਾਂ ਲਾਈ ਰੱਖਦੇ ਨੇ,

ਉਹਨਾਂ ਦਿੱਤਾ ਕਦੇ ਕਿਸੇ ਨੂੰ ਦਾਨ ਵੀ ਨਹੀਂ ।

ਛੋਟੀ ਜਿੰਨੀ ਗੱਲ ਦਾ ਐਡਾ ਪਿੱਟਣਾ ਕੀ,

'ਆਸ਼ਿਕ' ਤੇਰੀ ਐਡੀ ਉੱਚੀ ਸ਼ਾਨ ਵੀ ਨਹੀਂ ।

📝 ਸੋਧ ਲਈ ਭੇਜੋ