ਸਾਨੂੰ ਭੇਤ ਇਸ਼ਕ ਦਾ ਖੁਲਦਾ

ਸਾਨੂੰ ਭੇਤ ਇਸ਼ਕ ਦਾ ਖੁਲਦਾ ਯਾਰ ਦਿਆਂ ਕਦਮਾਂ ਤੇ 

ਅੱਲਾ ਨੂੰ ਸ਼ੌਕ ਆਯਾ ਸੀ ਤਾਰੇ 'ਚ ਨੂਰ ਪਾਯਾ ਸੀ 

ਪੰਜ ਤਨ ਨਾਲ ਇਸ਼ਕ ਲਾਯਾ ਸੀ

ਰਬ ਨੇ ਕੀਤਾ ਇਮਤਿਹਾਨ ਪੰਜਤਨ ਦੀ ਵਡੀ ਸ਼ਾਨ ਹੋਵੇ ਸਜਦੇ 'ਚ ਕੁਰਬਾਨ 

ਰਿਹਾ ਹਰ ਪੈਗੰਬਰ ਡੁਲਦਾ ਯਾਰ ਦਿਆਂ ਕਦਮਾਂ ਤੇ

ਜਾਂ ਰਬ ਇਰਨੀ ਬੋਲਿਆ ਦਰਸ਼ਨ ਦਾ ਭੇਤ ਖੋਲਿਆ

ਨਾ ਅਪਨਾ ਆਪ ਤੋਲਿਆ 

ਪਰਦਾ ਚੁਕਿਆ ਜਦੋਂ ਯਾਰ ਕੀਤਾ ਰਜ ਨਾ ਦੀਦਾਰ ਤੂਰ ਹੋਯਾ ਸਰਮੇਸਾਰ 

ਮੂਸਾ ਮਹਿਰ ਨਬੂਤ ਭੁਲਦਾ ਯਾਰ ਦਿਆਂ ਕਦਮਾਂ ਤੇ

ਸੁਫਨੇ 'ਚ ਤੀਰ ਛੁਟਿਆ ਜ਼ੁਲੈਖਾਂ ਤਾਈਂ ਲੁਟਿਆ 

ਮਿਸਰ ਦੇ ਵਿਚ ਸੁਟਿਆ

ਸੋਹਣਾ ਯੂਫਦਾ ਸੀ ਨੂਰ ਕੀਤਾ ਹੁਸਨ ਦਾ ਗ਼ਰੂਰ

ਵਿਕਿਆ ਮਿਸਰ 'ਚ ਹਜ਼ੂਰ

ਅਟੀ ਸੂਤ ਬਰਾਬਰ ਤੁਲਦਾ ਯਾਰ ਦਿਆਂ ਕਦਮਾਂ ਤੇ 

ਸ਼ਮਰ ਨਾ ਜ਼ਰਾ ਹਟਿਆ ਸਜਦੇ 'ਚ ਸੀਸ ਕਟਿਆ 

ਦੁਨੀਆਂ ਤੇ ਕੁਫ਼ਰ ਖਟਿਆ

ਜਾਮ ਸਬਰ ਵਾਲਾ ਲੀਤਾ ਘੁਟ ਪਾਣੀ ਦਾ ਨਾ ਪੀਤਾ ਸਜਦਾ ਤੇਗ਼ ਹੇਠਾਂ ਕੀਤਾ 

ਸਿਰ ਪਾਕ ਹੁਸੈਨ ਦਾ ਰੁਲਦਾ ਯਾਰ ਦਿਆਂ ਕਦਮਾਂ ਤੇ 

ਜਿਨ੍ਹਾਂ ਨੇ ਦੁਖ ਚਾ ਲਿਆ ਸੋਹਣੇ ਦਾ ਦੀਦ ਪਾ ਲਿਆ 

ਡਾਢੇ ਨਾਲ ਮਥਾ ਲਾ ਲਿਆ

ਹਸ਼ਮਤ ਸ਼ਾਹ ਚੁਪ ਰਹੀਂ ਭੇਤ ਕਿਸੇ ਨੂੰ ਨਾ ਕਹੀਂ ਸੁਮ ਬਕੁਮ ਹੋਕੇ ਬਹੀਂ 

ਹੋਣਾ ਪਾਰ ਉਤਾਰਾ ਕੁਲ ਦਾ ਯਾਰ ਦਿਆਂ ਕਦਮਾਂ ਤੇ 

📝 ਸੋਧ ਲਈ ਭੇਜੋ