ਸਾਨੂੰ ਰੋਕਿਓ ਨਾ

ਸਾਨੂੰ ਰੋਕਿਓ ਨਾ 

ਅਸੀਂ ਤਾਂ ਨਵੇਂ ਰਾਹ ਬਣਾਉਣੇ ਨੇ 

ਅਸੀਂ ਨਾ ਪਰਤਣਾ ਛੇਤੀ

ਅਸੀਂ ਤਾਂ 

ਅਜੇ ਹੋਰ ਸੂਰਜ ਜਗਾਉਣੇ ਨੇ

ਸਾਨੂੰ ਰੋਕਿਓ ਨਾ 

ਉਹ ਜੋ ਪਰਤ ਜਾਂਦੇ ਨੇ

ਸਦੀਆਂ ਨੂੰ ਲੱਗ ਜਾਂਦਾ ਹੈ ਸਰਾਪ

ਰੁਲ ਜਾਂਦੇ ਨੇ ਸਰਦਲਾਂ ਤੇ ਖ਼ਤ 

ਖੁਰ ਜਾਂਦਾ ਹੈ ਇਤਿਹਾਸ 

ਪੁਰਖਿਆਂ ਜੋ ਪਾਏ 

ਅਜੇ ਅਸੀਂ ਉਹ ਪੰਧ ਮੁਕਾਉਣੇ ਨੇ  

ਸਾਨੂੰ ਰੋਕਿਓ ਨਾ 

ਜੇ ਘਰ ਪਰਤੇ ਹਾਰ ਕੇ 

ਕਿਸੇ ਨੇ ਮੱਥੇ ਤਾਜ ਨਹੀਂ ਬਣਨਾ

ਨਾ ਕਿਤੇ ਚੌੜਾ ਸੀਨਾ ਦਿਸਣਾ 

ਨਾ ਤਗਮਾ ਅਹਿਸਾਸ ਹੀ ਬਣਨਾ

ਇਹ ਨਾ ਬੁਝਣ ਦੇਣੇ ਸੂਰਜ

ਯੁਗਾਂ ਦੇ ਸਾਥ ਨਿਭਾਉਣੇ ਨੇ  

ਸਾਨੂੰ ਰੋਕਿਓ ਨਾ

📝 ਸੋਧ ਲਈ ਭੇਜੋ