ਸੱਪਣੀ ਵਰਗੀ ਤੋਰ ਦੇ ਵਿੱਚ
ਕਿੰਨੇ ਚਤਰ ਨੇ ਚੋਰ ਦੇ ਵਿੱਚ
ਉਹ ਤੇ ਮੇਰੇ ਅੰਦਰ ਸੀ
ਲੱਭਦਾ ਰਿਹਾ ਮੈਂ ਹੋਰ ਦੇ ਵਿੱਚ
ਲਈ ਫਿਰਨਾ ਵਾਂ ਚੁੱਪਾਂ ਨੂੰ
ਸ਼ਹਿਰ ਤੇਰੇ ਦੇ ਸ਼ੋਰ ਦੇ ਵਿੱਚ
ਜ਼ੋਰਾਵਰ ਦਾ ਅਜ਼ਲਾਂ ਤੋਂ
ਬੈਠਾ ਡਰ ਕਮਜ਼ੋਰ ਦੇ ਵਿੱਚ
ਉਮਰਾਂ ਦੀ ਮਜਦੂਰੀ ਏ
ਮੇਰੀ ਇੱਕ ਇੱਕ ਪੋਰ ਦੇ ਵਿੱਚ
ਸੱਚ ਨੇ ਜੱਗ 'ਤੇ ਰਹਿ ਜਾਣਾ
ਝੂਠ ਨੇ ਜਾਣਾ ਗੋਰ ਦੇ ਵਿੱਚ
ਧੁੜਕੂ ਜੇਹਾ ਲੱਗਾ ਏ
'ਅਰਸ਼ਦ' ਦਿਲ ਦੇ ਮੋਰ ਦੇ ਵਿੱਚ