ਸਰਘੀ ਲੋਅ

ਹੋਈ ਅੱਧੀ ਰਾਤੀਂ ਸਰਘੀ ਲੋਅ

ਮੇਰੇ ਖ਼ਾਬਾਂ 'ਚੋਂ ਜਦ ਲੰਘੀ ਓਹ

ਸਾਹਾਂ ਵਿੱਚ ਮੇਰੇ ਖਿੱਲਰ ਗਈ

ਓਹਦੇ ਸਾਹਾਂ ਦੀ ਸੰਦਲੀ ਖੁਸ਼ਬੋ

ਓਹਦੀ ਮਹਿਕ ਹਵਾਵਾਂ ਵਿੱਚ ਘੁੰਮੇ

ਅਸਾਂ ਪੌਣਾਂ ਦੇ ਮੂੰਹ ਸਿਰ ਚੁੰਮੇ

ਓਹਦੀ ਸੋਹਬਤ ਵਿੱਚ ਗੁਜ਼ਾਰੇ ਪਲ

ਹੋਏ ਵਰ੍ਹਿਆਂ ਤੋਂ ਵੀ ਗਿੱਠ ਲੰਮੇ

ਇੰਝ ਜਾਪੇ ਜਿਵੇਂ ਹਯਾਤ ਮੇਰੀ

ਰਾਹਾਂ ਵਿੱਚ ਕਿਧਰੇ ਗਈ ਖਲੋ

ਹੋਈ ਅੱਧੀ ਰਾਤੀ ਸਰਘੀ ਲੋਅ

ਮੇਰੇ ਖ਼ਾਬਾਂ 'ਚੋਂ ਜਦ ਲੰਘੀ ਓਹ

ਓਹ ਸੰਗਮਰਮਰ ਦੇ ਬੁੱਤ ਵਰਗੀ

ਚੇਤਰ ਦੀ ਖਿੜ੍ਹੀ ਹੋਈ ਰੁੱਤ ਵਰਗੀ

ਪੋਹ ਦੇ ਸੰਘਣੇ ਕੋਹਰੇ 'ਚੋਂ

ਲਿਸ਼ਕੋਰਾਂ ਮਾਰਦੀ ਧੁੱਪ ਵਰਗੀ

ਦੇਖ ਨਾ ਹੋਇਆ ਅੱਖ ਭਰ ਕੇ

ਓਹਦੇ ਮੁੱਖੜੇ ਦਾ ਜਾਹੋ ਜਲੋਅ

ਹੋਈ ਅੱਧੀ ਰਾਤੀਂ ਸਰਘੀ ਲੋਅ

ਮੇਰੇ ਖ਼ਾਬਾਂ 'ਚੋਂ ਜਦ ਲੰਘੀ ਉਹ

ਕਈ ਸਾਗਰ ਨੈਣਾਂ ਵਿੱਚ ਸਿਮਟੇ

ਲੱਖਾਂ ਅਲਬੇਲੇ ਰੰਗ ਲਿਪਟੇ

ਮੇਰੇ ਜ਼ਿਹਨ ਦੇ ਵਿੱਚ ਐਦਾਂ ਫਿਰਦੀ

ਜਿਉਂ ਅੰਬਰਾਂ ਵਿੱਚ ਬੱਦਲ ਫਿਰਦੇ

ਮਖ਼ਮਲ-ਮਖ਼ਮਲ ਕਰ ਗਈ ਮੈਨੂੰ

ਮਰਮਰੀ ਉਹ ਦੇ ਹੱਥਾਂ ਦੀ ਛੋਅ

ਹੋਈ ਅੱਧੀ ਰਾਤੀ ਸਰਘੀ ਲੋਅ

ਮੇਰੇ ਖ਼ਾਬਾਂ 'ਚੋਂ ਜਦ ਲੰਘੀ ਉਹ

📝 ਸੋਧ ਲਈ ਭੇਜੋ