ਸੜਕਾਂ ਉਤੇ ਰੁਲਦੇ ਤੱਕੇ

ਸੜਕਾਂ ਉਤੇ ਰੁਲਦੇ ਤੱਕੇ, ਧਰਤੀ ਦੇ ਮੈਂ ਲਾਲ ਕਈ ।

ਅੱਖਾਂ ਦੇ ਵਿਚ ਪੜ੍ਹ ਲਉ ਲਿੱਖੇ, ਹੰਝੂਆਂ ਨਾਲ ਸਵਾਲ ਕਈ ।

ਇਕ ਮੁੱਠ ਅੰਨ੍ਹੇ ਗੁੰਬਦ ਅੰਦਰੋਂ ਪਾ ਗਏ ਯਾਰ ਵਸਾਲ ਕਈ,

ਜੰਗਲਾਂ ਦੇ ਵਿਚ ਰੁਲ ਗਏ ਕੁੜਮੇਂ, ਕਰਦੇ ਕਰਦੇ ਭਾਲ ਕਈ ।

ਕੀ ਹੁੰਦਾ ਨਾ ਬਚਪਨ ਮੁੱਕਦਾ, ਰਹਿੰਦਾ ਮੈਂ ਬੇਸੁਰਤੀ ਵਿਚ,

ਜਿਉਂ ਜਿਉਂ ਸੁਰਤ ਸੰਭਾਲਾਂ ਮਿੱਤਰੋ ਵਧਦੇ ਜਾਣ ਜੰਜਾਲ ਕਈ ।

ਵਰ੍ਹਿਆਂ ਬੱਧੇ ਦੁੱਖ ਨੇ ਮੇਰੇ, ਕੀਹਨੇ ਸਾਥ ਨਿਭਾਣਾ ਏ,

ਸੁਖ ਪਰਤਣ ਦੀ ਆਸ ਜੇ ਹੁੰਦੀ ਰਹਿੰਦੇ ਮੇਰੇ ਨਾਲ ਕਈ ।

ਕੀ ਕੀ ਮਿੱਠੇ ਸੁਪਨੇ ਦਿੱਸਣ ਚਾਰ ਦਿਨਾਂ ਦੇ ਟਹਿਕੇ ਲਈ,

ਕੋਈ ਨਾ ਕੌਲਾਂ ਉੱਤੇ ਲੱਥਾ, ਲੰਘਦੇ ਜਾਵਣ ਸਾਲ ਕਈ ।

ਨਫ਼ਸ ਪਲੀਤ ਨਾ ਸੂਰਤ ਹੋਇਆ, ਸਾਰੇ ਟੁਲ ਵਰਤਾ ਬੈਠੇ,

ਇਕ ਮੂਜੀ ਸੰਗ ਘੁਲਦੇ ਘੁਲਦੇ, ਹੋ ਗਏ ਨੇ ਬੇਹਾਲ ਕਈ ।

ਤੇਰਾ ਦਰ ਏ ਆਸਾਂ ਵਾਲਾ, ਆਸ ਚਿਰੋਕੀ ਲਾਈ ਮੈਂ,

ਲੇਖਾਂ ਵਾਲੇ ਲੈ ਗਏ ਏਥੋਂ, ਭਰ ਭਰ ਸੱਖਨੇ ਥਾਲ ਕਈ ।

ਸੁੱਖ ਦਿਹਾੜੇ ਨਾਲ ਨਸੀਬਾਂ, ਕਦੋਂ ਮੁਹਾਰਾਂ ਮੋੜਣਗੇ,

ਆਸ ਦੇ ਸਿੱਕੇ ਬੋਝੇ ਪਾ ਕੇ, ਵੇਖਾਂ ਖ਼ਾਬ ਖ਼ਿਆਲ ਕਈ ।

📝 ਸੋਧ ਲਈ ਭੇਜੋ