ਤੇਰਾ ਮੇਰਾ ਬਚਪਨ ਸੀ ਅੰਧਿਆਰਾ
ਪੋਹ-ਮਾਹੀ ਮਸਿਆ ਦਾ ਗੂੜ੍ਹ ਪਸਾਰਾ
ਕਲ-ਮੁਕੱਲਾ ਕਾਲਾ ਪਾਲਾ
ਏਸ ਹਨੇਰੇ ਵਿਚ ਬਲਦਾ ਸਰਕੰਡਾ
ਯਾਰ ਮੇਰੇ ਦਾ ਸੂਹਾ ਮਘਦਾ ਚਿਹਰਾ
ਚੁਰਰ ਚੁਰਰ ਚੁਰ ਅੱਗ ਪਈ ਬੋਲੇ
ਕੋਸੇ ਕੋਸੇ ਬੋਲ ਮੇਰੇ ਮਿੱਤਰਾਂ ਦੇ
ਨਿੱਘੇ ਚਾਨਣ ਦਾ ਸਾਨੂੰ ਸੀ ਬਹੁਤ ਸਹਾਰਾ
ਬਚਪਨ ਸੀ ਅੰਧਿਆਰਾ, ਬੇਰੁਜ਼ਗਾਰਾ
ਆਵਾਰਾ ਪਰ ਬਹੁਤ ਪਿਆਰਾ
ਕੁਝ ਦਿਨ ਪਾ ਕੇ ਮੈਂ ਤੂੰ ਗਭਰੂ ਹੋਏ
ਸਾਡੇ ਹੱਥੀਂ ਸਭ ਸਰਕੰਡੇ ਮੋਏ
ਮਘਦੇ ਮੁਖੜੇ ਦਾ ਕੋਈ ਬੋਲ ਨਹੀਂ ਸੀ ਬਾਕੀ
ਦਿਨ ਵੇਲੇ ਤਾਂ ਲੱਖ ਮੁੜ੍ਹਕੇ ਹਮਜੋਲੀ
ਰਾਤੀਂ ਕਲ-ਮੁਕੱਲਾ ਕਾਲਾ ਪਾਲਾ
ਬੁਲ੍ਹਾਂ ਤੀਕਰ ਕੋਟ ਵਿਲਕਣੀ ਆਵੇ
ਠੰਡੀ-ਠਰਵੀਂ ਪੌਣ ਵਗੇ, ਜਮ ਜਾਵੇ
ਕੁਝ ਦਿਨ ਪਾ ਕੇ
ਮੈਂ ਤੂੰ ਸਭਨਾਂ ਪੱਕੀ ਸੜਕ ਬਣਾਈ
ਕਿਸੇ ਕੁੜੀ ਦੀ ਜਿਉਂ ਬੱਜਰ ਅੰਗੜਾਈ
ਥਾਂ ਪਰ ਥਾਂ ਬਿਜਲੀ ਦੇ ਕਈ ਹਿੰਡੋਲੇ
ਠੰਡਾ ਠੰਡਾ ਚਾਨਣ ਹਰ ਕੋਈ ਡੋਲ੍ਹੇ
ਜਿਉਂ ਕੋਈ ਚਿਟਕਪੜਾ ਭਾਈ
ਧੋਤੇ ਧੋਤੇ ਬੋਲ ਜ਼ੁਬਾਨੋਂ ਬੋਲੇ
ਹੁਣ ਤਾਂ ਮਸਿਆ ਆ ਕੇ ਵੀ
ਸਾਨੂੰ ਨਹੀਂ ਮਿਲਦੀ
ਹੁਣ ਸ਼ਾਮੀਂ ਘਰ ਤੀਕ ਪਹੁੰਚਣਾ
ਇਸ਼ਕ ਨਹੀਂ ਹੈ
ਮੇਰੇ ਪਿੰਡ ਦੇ ਪਿੰਡੇ ਤੇ
ਹੁਣ ਪਹਿਲਾਂ ਵਰਗੀ ਬਾਸ ਨਹੀਂ ਹੈ
ਇਸ ਰੁਜ਼ਗਾਰ ਭਰੀ ਦੁਨੀਆਂ ਵਿਚ
ਮੈਂ ਤੂੰ ਨਹੀਂ ਆਵਾਰਾ
ਹੁਣ ਅੰਧਿਆਰਾ ਨਹੀਂ ਪਿਆਰਾ
ਪਿਆਰ, ਹਨੇਰਾ ਕੁਝ ਵੀ ਗੂੜ੍ਹ ਨਹੀਂ ਹੈ
ਜੁਗ ਜੁਗ ਜੀਵੋ ਠੰਡੇ ਚਾਨਣ
ਹੁਣ ਸਾਨੂੰ ਮਿੱਤਰਾਂ ਦੀ ਲੋੜ ਨਹੀਂ ਹੈ