ਤੱਕਣਾ ਅੱਪਣੇ ਵਤਨ ਨੂੰ, ਸਰਕਾਰ ਪਿਆਰੀ 

ਰੋਂਦਾ ਸ਼ਹਿਰ ਲਾਹੌਰ ਹੈ, ਅੱਜ ਜ਼ਾਰੋ ਜ਼ਾਰੀ— 

ਦੇਸ ਪੰਜਾਬ 'ਚ ਦਿਸੇ ਨ, ਸਰਦਾਰ ਅਟਾਰੀ 

ਸਤਲੁਜ ਕੰਢੇ ਉੱਤਰੇ, ਅੱਜ ਚੋਰ ਬਾਜ਼ਾਰੀ 

ਜਿਸ ਤੋੜੇ ਕੋਟ ਪਸ਼ੌਰ ਦੇ, ਰਣ ਤੇਗ ਜੁਝਾਰੀ, 

ਤੁਰ ਗਿਆ ਪੈਂਡੇ ਮੌਤ ਦੇ, ਛੱਡ ਖੇਡ ਖਿਲਾਰੀ— 

ਕਦੇ ਫੇਰਾ ਪਾਉਣਾ ਵਤਨ ਵਲ, ਸਰਕਾਰ ਹਮਾਰੀ।੧।

ਰਣ ਸਭਰਾਉਂ ਲੜੇ ਸੀ, ਪੰਜਾਬ ਦੇ ਬੇਟੇ 

ਤੇਗਾਂ ਦੀ ਅੱਗ ਲਰਜ਼ਕੇ, ਅਸਮਾਨ ਸਮੇਟੇ, 

ਮਾਖੇ ਖਾਂ ਦੇ ਰੋਹ ਨੇ, ਫੜ ਸੂਰਜ ਮੇਟੇ— 

ਸਤਲੁਜ ਸਾਹ ਗਰਜਕੇ, ਰਣਯੋਧੇ ਲੇਟੇ— 

ਸੌਂ ਗਏ ਤੈਨੂੰ ਯਾਦ ਕਰ, ਪੰਜਾਬ ਦੇ ਬੇਟੇ 

ਛਿਪਦੇ ਸੂਰਜ ਦੇਖਿਆ, ਸਰਦਾਰ ਅਟਾਰੀ, 

ਕਦੇ ਫੇਰਾ ਪਾਉਣਾ ਵਤਨ ਵਲ, ਸਰਕਾਰ ਹਮਾਰੀ।੨।

ਚੇਲੀਆਂ ਵਾਲੇ ਜੂਝਦਾ, ਪੰਜਾਬ ਹਾਰੇ, 

ਤੇਗੀਂ ਖ਼ੂਨ ਸ਼ਹੀਦ ਦਾ, ਅਸਮਾਨ-ਵੰਗਾਰੇ, 

ਸ਼ਹੁ ਦਰਿਆ ਦਾ ਰੋਹ ਹੈ, ਕੀ ਕਰਨ ਕਿਨਾਰੇ

ਨੇਜ਼ਾ ਖਿੱਚ ਕੇ ਅਰਸ਼ ਦਾ, ਕੁਈ ਕੁਫਰ ਗੁਜ਼ਾਰੇ 

ਖ਼ੂਨ ਸ਼ਹੀਦਾਂ ਕਦੇ ਨ, ਅਸਮਾਨ ਤੋਂ ਹਾਰੇ— 

ਮੁਰਸ਼ਦ ਸਾਹਮੇ ਸਿਦਕ ਦੀ, ਅਸਾਂ ਬਾਜ਼ੀ ਹਾਰੀ 

ਤੱਕਣਾ ਆਪਣੇ ਵਤਨ ਨੂੰ, ਸਰਕਾਰ ਪਿਆਰੀ।੩। 

ਲੈ ਕੇ ਥਲਾਂ ਦੀ ਸੁੰਞ ਨੂੰ, ਪੰਜਾਬ ਦੇ ਹਾਣੀ, 

ਕੂੰਜਾਂ ਵਾਲੇ ਹਾਲ ਵਿਚ, ਗਏ ਵਗਦੇ ਪਾਣੀ,

ਤੁਰ ਗਏ ਵਾਂਗ ਮੁਸਾਫ਼ਰਾਂ, ਛੱਡ ਤੇਗ ਅਲਾਣੀ, 

ਆਏ ਕਿਹੜੀ ਜੂਹ ਵਿਚ, ਚੁੰਮ ਸੰਞ ਸੁਹਾਣੀ

ਵਾਂਗ ਕਰਬਲਾ ਤੜਫਦੇ, ਅਸਮਾਨ ਦੇ ਹਾਣੀ। 

ਰੋਹੀਆਂ ਵਿਚ ਦਲੀਪ ਨੇ, ਇਕ ਵਾਜ ਸੀ ਮਾਰੀ

ਕਦੇ ਫੇਰਾ ਪਾਉਣਾ ਵਤਨ ਵਲ, ਸਰਕਾਰ ਹਮਾਰੀ।੪।

ਬੰਨ੍ਹੇ ਗਾਨੇ ਮੌਤ ਦੇ, ਦਸ਼ਮੇਸ਼-ਮੁਰੀਦਾਂ,

ਸ਼ਮਸ਼ੀਰਾਂ ਦੀ ਛਾਂ ਵਿਚ, ਮੁੜ ਹੋਈਆਂ ਈਦਾਂ- 

ਕੜਕਿਆ ਬੱਜ ਬੱਜ ਘਾਟ ਤੇ, ਕੁਈ ਰਾਜ਼ ਸ਼ਹੀਦਾਂ- 

ਖ਼ੂਨ ਦੀ ਅੱਗ 'ਚ ਛੇੜੀਆਂ, ਅਸਮਾਨ ਉਮੀਦਾਂ- 

ਅੱਖੀਂ ਲਹੂ ਨੂੰ ਭੱਖਿਆ, ਦਸ਼ਮੇਸ਼-ਮੁਰੀਦਾਂ- 

ਮੰਗੀ ਅਸਾਂ ਹਜ਼ੂਰ ਤੋਂ, ਸ਼ਮਸ਼ੀਰ ਉਧਾਰੀ 

ਕਦੇ ਫੇਰਾ ਪਾਉਣਾ ਵਤਨ ਵਲ, ਸਰਕਾਰ ਹਮਾਰੀ।੫।

ਲੰਮੇ ਦੇਸ ਝਨਾਂ ਵਿਚ, ਕੁਈ ਵਾਜਾਂ ਮਾਰੇ, 

ਭੁੱਲੇ ਅੱਜ ਹਜ਼ੂਰ ਨੂੰ, ਪੰਜਾਬ ਦੁਲਾਰੇ, 

ਜਿਨ੍ਹ ਸਿਰ ਤੇਰਾ ਹੱਥ ਨਹੀਂ ਉਹ ਕੌਣ ਵਿਚਾਰੇ

ਆਉਂਦੇ ਗਾਜ਼ੀ ਗਾਂਵਦੇ, ਤੈਂ ਵਲ ਪਿਆਰੇ 

ਜਿਸ ਤੇ ਤੇਰਾ ਰਹਿਮ ਹੈ, ਅਸਮਾਨ ਮਾਰੇ

ਰੋਹੀਆਂ ਵਿਚ ਦਲੀਪ ਨੇ, ਇਕ ਵਾਜ ਹੈ ਮਾਰੀ

ਤਕਣਾ ਅੱਪਣੇ ਵਤਨ ਨੂੰ, ਸਰਕਾਰ ਪਿਆਰੀ।੬।

📝 ਸੋਧ ਲਈ ਭੇਜੋ