ਸਰੋਦੀ ਟੱਪੇ

ਐਵੇਂ ਜੱਗ ਦੀ ਹਸਾਈ ਹੈ

ਐਵੇਂ ਸਾਨੂੰ ਹੌਲ ਪਿਆ

ਐਵੇਂ ਅੱਖ ਭਰ ਆਈ ਹੈ

ਔਖੇ ਦਿਲ ਦੇ ਉਬਾਲੇ ਨੇ

ਜਿਹੜੇ ਤੇਰੇ ਸ਼ਹਿਰ ਵਸਣ

ਉਹ ਕਰਮਾਂ ਵਾਲੇ ਨੇ

ਇਹ ਧਰਤੀ ਸੰਦੇਸ਼ਾਂ ਦੀ

ਯਾਰਾ ਤੈਨੂੰ ਧੁੱਪ ਨਾ ਲੱਗੇ

ਰਹੇ ਛਾਂ ਦਰਵੇਸ਼ਾਂ ਦੀ

ਇਹ ਪੈਂਡਾ ਭਾਰੀ

ਜੀਹਨੇ ਸਾਡੇ ਲੇਖ ਲਿਖੇ

ਕੋਈ ਰੱਬ ਦਾ ਲਿਖਾਰੀ

ਲੱਗੇ ਦੁਆ ਫਕੀਰਾਂ ਦੀ

ਆਪਾਂ ਜਿਹੜੇ ਮੋੜ ਮਿਲੇ

ਕੋਈ ਬਾਤ ਲਕੀਰਾਂ ਦੀ

ਤੇਰੀ ਯਾਦ ਦਾ ਤਰਾਨਾ ਹੈ

ਲੋਕਾਂ ਭਾਣੇ ਘੁੱਗ ਵਸਦਾ

ਸਾਡਾ ਸ਼ਹਿਰ ਵੀਰਾਨਾ ਹੈ

ਜੋ ਆਪਣਿਆਂ ਕੀਤੀ ਹੈ

ਕਾਗਜ਼ਾਂ ਤੇ ਕੀ ਲਿਖੀਏ

ਜੋ ਦਿਲ ਤੇ ਬੀਤੀ ਹੈ

ਇਹ ਕੀ ਰੱਬ ਦਾ ਭਾਣਾ ਹੈ

ਆਪੇ ਅਸਾਂ ਰੋ ਲੈਣਾ,

ਆਪੇ ਚੁਪ ਕਰ ਜਾਣਾ ਹੈ

ਇਹੀ ਜੀਵਨ ਰੁੱਖ ਦਾ ਹੈ

ਨਿੰਮੀ ਨਿੰਮੀ ਯਾਦ ਵਗਦੀ

ਦਿਲ ਹੌਲੇ ਹੌਲੇ ਦੁਖਦਾ ਹੈ

ਇਹਦਾ ਚੰਦ ਤੇ ਟਿਕਾਣਾ ਹੈ

ਸਿਰ ਉਤੋਂ ਲੰਘਕੇ ਗਿਆ

ਕੋਈ ਦਰਦ ਪੁਰਾਣਾ ਹੈ

ਤੇਰੀ ਚੰਨ ਤੋਂ ਦੂਰ ਗਲੀ

ਤੱਕ ਲੈ ਧੁੱਪ ਰੰਗੀਏ

ਨੈਣਾਂ ਚੋਂ ਸ਼ਾਮ ਢਲੀ

ਕੀ ਕਹਿਰ ਇਸ਼ਾਰੇ ਦਾ

ਬੱਦਲਾਂ ਤੇ ਰੰਗ ਖਿੰਡਿਆ

ਤੱਕਣੀ ਦੇ ਮਾਰੇ ਦਾ

ਨੇ ਮਿਆਨਾਂ ਗਿਆਨ ਦੀਆਂ

ਤੱਕ ਲਿਸ਼ਕੋਰਾਂ ਤੂੰ

ਰੂਹਾਂ ਦੀ ਸ਼ਾਨ ਦੀਆਂ

ਕੁਝ ਦਿਲ ਤੋਂ ਭਾਰਾ ਨਹੀਂ

ਡੁੱਬੀਏ ਲਹਿਰਾਂ ਵਿਚ

ਇਥੇ ਕੋਈ ਕਿਨਾਰਾ ਨਹੀਂ

ਕੀ ਕਹਿਣਾ ਕਾਗਾਂ ਨੂੰ

ਦਿਲ ਦਾ ਦੁਖ ਦੱਸੀਏ

ਖਾਮੋਸ਼ ਚਿਰਾਗਾਂ ਨੂੰ

📝 ਸੋਧ ਲਈ ਭੇਜੋ