ਸਰਵਣ ਅਮਲੀ ਆਵਾਜ਼ਾਂ ਦੇ,
ਕੰਨਾਂ ਦਾ ਰਸ ਭਾਉਂਦਾ ਹੈ
ਛੇੜੇ ਮਿੱਠੀ ਧੁਨ ਜਦ ਕੋਈ
ਰਸ ਕੰਨਾਂ ਵਿਚ ਘੁਲ ਜਾਂਦਾ ਹੈ
ਕਵਿਤਾ, ਨਜ਼ਮ, ਗ਼ਜ਼ਲ, ਟੱਪੇ
ਕੰਨਾਂ ਨੂੰ ਸਹਿਲਾਉਂਦੇ ਨੇ
ਰਫੀ, ਲਤਾ, ਗ਼ੁਲਾਮ ਅਲੀ
ਕੰਨਾਂ ਵਿੱਚ ਡੇਰਾ ਲਾਉਂਦੇ ਨੇ
ਕੋਇਲ ਕੂ ਕੂ, ਪਾਣੀ ਛਰ ਛਰ
ਸਰਸਰ ਹਵਾ ਕੁੱਝ ਕਹਿ ਜਾਵੇ
ਦਿਲਬਰ ਦੇ ਦੇਸੋਂ ਆਕੇ ਤੇ
ਕੁਝ ਕਹਿ ਰੂਹਾਂ ਵਿਚ ਲਹਿ ਜਾਵੇ
ਵੰਝਲੀ ਸੁਣ ਮੁਰਲੀ ਵਾਲੇ ਦੀ
ਪਤਝੜ ਵੀ ਵੇਖੋ ਮਹਿਕ ਪਈ
ਮਿਰਗਨੈਣੀ ਰਾਧਾ ਨੱਚ ਉੱਠੇ
ਮਿਰਗਾਵਲ ਸਾਰੀ ਚਹਿਕ ਪਈ
ਧੂਹ ਪੈਂਦੀ ਵਿਚ ਕਲੇਜੇ ਦੇ
ਜਦ ਨਾਦ ਪ੍ਰੇਮ ਦਾ ਵਜਦਾ ਹੈ
ਕਈ ਆਸ਼ਕ ਮਜਨੂੰ ਬਣ ਜਾਂਦੇ
ਜਦ ਢੋਲ ਪਿਆਰ ਦਾ ਵਜਦਾ ਹੈ
ਮਹਿਬੂਬ ਦਾ ਇਕ ਸੁਨੇਹਾ ਹੀ
ਕੰਨਾਂ ਵਿਚ ਮਿਸ਼ਰੀ ਘੋਲ ਦਵੇ
ਇਉਂ ਜਾਪੇ ਖ਼ੁਦਾ ਲੁਕਾਈ ਤੇ
ਜੰਨਤ ਵੀ ਆਪਣੀ ਡੋਲ ਦਵੇ
ਕੰਨ ਬਖਸ਼ੇ ਤੈਨੂੰ ਕੁਦਰਤ ਨੇ
ਕੁਦਰਤ ਦੇ ਸੋਹਿਲੇ ਗਾ ਬੰਦਿਆ
ਲੱਚਰ ਗੀਤਾਂ ਨੂੰ ਸੁਣ ਸੁਣ ਕੇ
ਐਵੇਂ ਨਾ ਵਕਤ ਗਵਾ ਬੰਦਿਆ
ਨਿੰਦਾ ਨਾ ਸੁਣਿਆ ਕਰਿਆ ਕਰ
ਇਹ ਪਾਪਾਂ ਦੀ ਪਟਾਰੀ ਹੈ
‘ਉੱਪਲ’ ਇਹ ਲਗਦੀ ਚੰਗੀ ਹੈ
ਪਰ ਕਿਰਦਾਰ ਤੇ ਪੈਂਦੀ ਭਾਰੀ ਹੈ।