ਸਸੀ ਸੁਤੜੀ ਸੇਜ, ਨਿਸੰਗ ਦੇ ਵਿਛੜੇ ਦਿਲਬਰ ਪਿਆਰੇ
ਵਸਲੋਂ ਜਾਮ ਜ਼ੈਹਰ ਦਾ ਪੀਤਾ ਹਮਲਾ ਆ ਘਰ ਮੌਤ ਨੇ ਕੀਤਾ
ਹੋਯਾ ਨਾਲ ਇਸ਼ਕ ਦੇ ਜੰਗ ਵੇ ਖੜਕੀ ਚੋਟ ਨਕਾਰੇ
ਸੂਰਜ ਖੂਨੀ ਫਲਕ ਤੇ ਚੜ੍ਹਿਆ ਹੋਤਾਂ ਯਾਰ ਮੇਰਾ ਲੁਟ ਖੜਿਆ
ਮੇਰਾ ਸਖਣਾ ਪਿਆ ਪਲੰਗ ਵੇ ਖਾਲੀ ਮਹਿਲ ਮੁਨਾਰੇ
ਜਾਵਾਂ ਕੀਚਮ ਸ਼ਹਿਰ ਦੇ ਰਾਹੀਂ ਮਾਰਾਂ ਦਰਦ ਗਮਾਂ ਦੀ ਆਹੀਂ
ਪੈਂਡਾ ਦੂਰ ਹੋਯਾ ਦਿਲ ਤੰਗ ਵੇ ਜੇ ਰਬ ਪਾਰ ਉਤਾਰੇ
ਦਿਲ ਵਿਚ ਡਾਢਾ ਜੋਸ਼ ਵਸਲ ਦਾ ਹਿਜਰ ਮਾਹੀ ਦਾ ਸੀਨਾ ਸਲਦਾ
ਹੋਯਾ ਥਲ ਕਰਬਲ ਦੇ ਰੰਗ ਵੇ ਸੂਰਜ ਲਾਟਾਂ ਮਾਰੇ
ਹਸ਼ਮਤ ਸ਼ਾਹ ਸਸੀ ਕਰਦੀ ਝੇੜਾ ਆ ਗਿਆ ਆਖਰ ਮੌਤ ਸੁਨੇਹੜਾ
ਜਲ ਗਈ ਥਲ ਵਿਚ ਵਾਂਗ ਪਤੰਗ ਵੇ ਚੜ੍ਹ ਗਈ ਮੌਤ ਦੇ ਖਾਰੇ