ਸਸਤੀ L.P.G ਕਰਨੀ,
ਵਿਧਵਾ ਨੂੰ ਮਿਲੂ ਪੈਂਨਸ਼ਨਾਂ!
ਦੇਣੇ ਬੇਰੁਜ਼ਗਾਰੀ ਭੱਤੇ,
ਜ਼ਵਾਨੀ ਦੀਆਂ ਮੁੱਕੂ ਟੈਂਸ਼ਨਾਂ!
ਦੇਵਾਂਗੇ ਸਸਤੀ ਬਿਜ਼ਲੀ,
ਫਸਲਾਂ ਦੇ ਹੋਣਗੇ ਬੀਮੇ!
ਕਰਜ਼ੇ ਵੀ ਮੁਆਫ਼ ਕਰਾਂਗੇ,
ਅਸੀਂ ਸਭ ਧੀਮੇ-ਧੀਮੇ!
ਸਕੋਲਰਸ਼ਿਪ ਦਵਾਂਗੇ ਤਕੜੀ,
ਵੰਡਾਂਗੇ ਫਰੀਂ ਕਿਤਾਬਾਂ!
ਵਰਦੀ ਘਰ-ਘਰ ਪੁੱਜ ਜੂ,
ਚਪਲਾਂ ਨਾਲ ਪਾਇਓ ਜ਼ਰਾਬਾਂ!
ਸਸਤਾ ਪਟਰੋਲ ਕਰਾਂਗੇ,
ਆਮ ਅਤੇ ਖਾਸ ਵਾਸਤੇ!
ਚੱਕਣੇ ਸਭ ਟੋਲ ਪਲਾਜੇ,
ਤੁਹਾਡੇ ਵਿਸ਼ਵਾਸ ਵਾਸਤੇ!
ਹੋਊ ਘਰ ਘਰ ਨੌਕਰੀ,
ਐਸਾ ਰੁਜ਼ਗਾਰ ਦਿਆਂਗੇ!
ਨਸ਼ਿਆਂ ਦੇ ਚੜਦੇ ਦਿਨ ਤੋਂ,
ਠੱਲ ਵਪਾਰ ਦਿਆਂਗੇ !
ਪਿੰਡਾਂ ਵਿੱਚ ਆਮ ਹੋਣਗੇ,
4G ਵਾਈ, ਫਾਈ!
ਲੱਖਾਂ ਸਮਾਰਟ ਫੋਨ ਵੀ,
ਹੱਥਾਂ ਵਿੱਚ ਦਊ ਦਿਖਾਈ!
ਦੂਜੇ ਦਿਨ ਚੱਕਦੂ ਚਿੱਟਾ,
ਬਾਡਰ ਸਭ ਸੀਲ ਹੋਣਗੇ!
ਬੱਸਾ ਤੇ ਗੱਡੀਆਂ ਦੇ ਵੀ,
ਸਸਤੇ ਸਭ ਮੀਲ ਹੋਣਗੇ!
ਸਕੂਲਾਂ ਦੀ ਸੋਹਣੀ ਬਿਲਡਿੰਗ,
ਉੱਚਾ ਮਿਆਰ ਵੇਖਿਓ!
ਪਿੰਡਾਂ ਦੀ ਬਦਲ ਦਿਆਂਗੇ ,
ਕੱਲ ਤੋਂ ਨੁਹਾਰ ਵੇਖਿਓ!
ਸਿਟੀਆਂ ਮਾਰਟ ਬਣੀਆਂ ,
ਜਾਪੂਗਾ ਫੋਰਨ ਵੇਖੀ!
ਆਂਵਣਗੇ ਘੁੰਮਣ ਏਥੇ,
ਅਮਰੀਕਾ ਦੇ ਬੋਰਨ ਵੇਖੀ!
ਭੁੱਖਾ ਕੋਈ ਸੋਣ ਨਈ ਦੇਣਾ,
ਐਸਾ ਚਲਾਉਣਾਂ ਜਾਦੂ!
ਆਟਾ ਤੇਲ ਤੇ ਦਾਲਾਂ ਸੱਜਣੋਂ
ਘਰ-ਘਰ ਵਿੱਚ ਕਰਾਂਗੇ ਵਾਧੂ!
ਹੋਊ ਹਰ ਇੱਕ ਮਹਿਕਮਾਂ
ਸੱਚਾ ਤੇ ਸੁੱਚਾ ਕੱਲ਼ ਤੋਂ!
ਰਿਸ਼ਵਤਖੋਰੀ ਦਾ ਧੰਦਾ,
ਹੋਊ ਬੰਦ ਲੁੱਚਾ ਕੱਲ਼ ਤੋਂ!
ਲਾਂਵਾਂਗੇ ਖੁੱਡੇ ਖੂਜ਼ੇ,
ਕੀਤੀ ਬੇਅਦਬੀ ਜਿੰਨਾਂ!
ਚੌਖਾ ਹਿਸਾਬ ਲਵਾਂਗੇ,
ਲੁੱਟਿਆ ਪੰਜਾਬ ਹੈ ਕਿੰਨਾਂ!
ਪਾਣੀ ਦੇ ਮਸਲੇ ਚੁੱਕਣੇ,
ਕਰਕੇ ਜ਼ਮ੍ਹਾਂ ਗੌਰਾਂ ਨੂੰ!
ਰੇਤਾ ਤੇ ਬੱਜ਼ਰੀ ਵਾਲਿਆਂ,
ਲੱਭਣਾ ਮੈਂ ਚੌਰਾਂ ਨੂੰ!
ਇੱਕ-ਇੱਕ ਏ ਬੋਲ ਪਗਾਉਣਾਂ,
ਪੱਕਾ ਕਰਾਰ ਹੈ ਮੇਰਾ !
ਗੁੱਟਕਾ ਸਾਹਿਬ ਹੱਥ 'ਚ ਮੇਰੇ,
ਕਰਿਓ ਇਤਬਾਰ ਮੇਰਾ!
ਹੋ ਗਏ ਤਿੰਨ ਸਾਲ ਤੋਂ ਉੱਤੇ,
ਬਣੀ ਸਰਕਾਰ ਨੂੰ "ਸੱਤਿਆ"
ਵਾਦਿਆਂ ਦੀ ਪੰਡ ਬੰਨ੍ਹਕੇ,
ਚੁੱਕੀ ਫਿਰ ਭਾਰ ਨੂੰ "ਸੱਤਿਆ"