ਮਾਲਾਬਾਰ ਸਾਗਰ ਦੇ ਕੰਢਿਆਂ ਦੇ ਉੱਤੇ ਕਦੇ
‘ਤਰਾਵਣਕੋਰ'' ਨਾਂ ਦਾ ਪ੍ਰਦੇਸ ਸੀ
ਉੱਥੇ ਜੱਗੋਂ-ਤੇਰ੍ਹਵੀਂ ਤੇ ਰੂਹ ਨੂੰ ਕੰਬਾਉਣ ਵਾਲ਼ੀ
ਰੀਤ ਅਲੋਕਾਰ ਤੇ ਵਿਸ਼ੇਸ਼ ਸੀ
ਕਾਮੀਆਂ ਕੌਮਾਂ ਦੇ ਪਰਿਵਾਰਾਂ ਦੀਆਂ ਮੁਟਿਆਰਾਂ
ਦੇ ਉਭਾਰਾਂ ਉੱਤੇ ਵੀ ਲਗਾਨ ਸੀ
ਕੰਮੀਆਂ ਦੇ ਵਿਹੜਿਆਂ ‘ਚ ਜੰਮੀਆਂ ਤੇ ਜਾਈਆਂ ਜਦੋਂ
ਸਿਰ ਕੱਢ ਹੁੰਦੀਆਂ ਜਵਾਨ ਸੀ
ਛਾਤੀਆਂ ਨਾ ਕੱਜਣ ਦਾ ਕੂੜ ਤੇ ਕਰੂਰ ਡਾਹਢਾ
ਰਾਜੇ ਵੱਲੋਂ ਖ਼ਾਸ ਫ਼ਰਮਾਨ ਸੀ
ਜੇ ਕੋਈ ਨਾਰੀ ਚਾਹੇ ਸੀਨਾ ਕਦੇ ਖੁਦ ਕੱਜਣਾ
ਦੇਣਾ ਪੈਂਦਾ ਉਸ ਨੂੰ ਤਵਾਨ ਸੀ
ਲਿੱਸੀਆਂ ਗ਼ਰੀਬੜੀਆਂ ਘਾਹੀਆਂ ਦੀਆਂ ਜਾਈਆਂ ਭਲਾ
ਕਿੱਥੋਂ ਦੱਸ ਭਰਨਾ ਲਗਾਨ ਸੀ
ਉੱਚੀਆਂ ਕੁਲਾਂ ਦੀ ਨੀਂਵੀ ਬੌਣੀ ਲੁੱਚੀ ਸੋਚ ਦਾ ਇਹ
ਧੱਕੇਸ਼ਾਹੀ ਦਾ ਹੀ ਪ੍ਰਮਾਣ ਸੀ
ਛਾਤੀ ਦੇ ਉਭਾਰ ਅਨੁਸਾਰ ਆ ਕੇ ਅਹਿਲਕਾਰ
ਲਾਉਂਦੇ ਕਰ-ਦਰ* ਅਨੁਮਾਨ ਸੀ
ਮਾੜਿਆਂ ਘਰਾਂ ਦੀ ਇੱਥੇ ਧੀ ਹੋਣਾ ਪਾਪ ਸੀ ਤੇ
ਪੈਰ ਪੈਰ ਉੱਤੇ ਅਪਮਾਨ ਸੀ
--
ਜ਼ਬਰ ਦੀ ਇੰਤਹਾ ਤੇ ਸਬਰ ਦੀ ਹੱਦ ਜਦੋਂ
ਹੱਦਾਂ ਬੰਨੇ ਕਰ ਜਾਏ ਪਾਰ
ਫਿਰ ਕੋਈ ਤਬਦੀਲੀ ਆਉਂਦੀ ਏ ਯਕੀਨੀ ,ਏਦਾਂ
ਪੱਤਝੜ ਬਾਅਦ ਜਿਓਂ ਬਾਹਾਰ
‘ਨੰਗੇਲੀ’ ਨਵੇਲੀ ਆਈ ਨਾਰੀ ਕੁਝ ਇਸੇ ਤਰ੍ਹਾਂ
ਜਿਹਨੇ ਆ ਕੇ ਬਦਲੀ ਤਾਰੀਖ਼ ਸੀ
ਚਿਰਾਂ ਤੋਂ ਜੋ ਚੱਲੀ ਆਉਂਦੀ ਨਾਰੀ ਤ੍ਰਿਸਕਾਰ ਵਾਲ਼ੀ
ਕਾਲ਼ੀ ਤੇ ਕਲਹਿਣੀ ਜਿਹੜੀ ਰੀਤ ਸੀ
ਧੀਆਂ ਨੂੰ ਜਨਮ ਦੇਣੋਂ ਡਰਦੀ ਸੀ ਹਰ ਮਾਂ
ਵਿਹੜਾ ਸਾਰਾ ਰਹਿੰਦਾ ਭੈਅਭੀਤ ਸੀ
ਬਦਨ ਦੇ ਪੰਨਿਆਂ ‘ਤੇ ਲਹੂ ਦੀ ਸਿਆਹੀ ਨਾਲ਼
‘ ਨੰਗੇਲੀ ਨੇ ਲਿਖੀ ਤਵਾਰੀਖ਼ ਸੀ
ਆਪਣਾ ਬਦਨ ਤੇ ਸਤਨ ਨੰਗੇ ਰੱਖਣ ਤੋਂ
ਕਰ ਦਿੱਤਾ ਉਸ ਇਨਕਾਰ ਸੀ
‘ਬਦਨ ਹੈ ਮੇਰਾ ਰੱਬ ਸੱਚੇ ਦਿੱਤਾ’ ਉਸ ਕਿਹਾ
ਜਿਸ ਉੱਤੇ ਉਹਦਾ ਅਧਿਕਾਰ ਸੀ
ਸੁਣ ਕੇ ਬਗ਼ਾਵਤੀ ਸੁਰਾਂ ਸੀ ਰਾਜਾ ਹਿੱਲਿਆ
ਰਾਜ ਵਿੱਚ ਹੋ ਗਈ ਹਾਹਾਕਾਰ ਸੀ
ਛਾਤੀ ਦਾ ਨੰਗੇਜ਼-ਕਰ ਲੈਣ ਲਈ ਘਰ ਪੁੱਜਾ
ਅੜੀਅਲ ਇੱਕ ਅਹਿਲਕਾਰ ਸੀ
ਅੱਕ ਕੇ ‘ ਨੰਗੇਲੀ ‘ ਨੇ ਜ਼ਲੀਲ ਤੇ ਖ਼ੁਆਰ ਹੋ ਕੇ
ਫੜ ਲਿਆ ਤਿੱਖਾ ਹਥਿਆਰ ਸੀ
ਝੋਂਪੜੀ 'ਚ ਜਾ ਕੇ ਉਹਨੇ ਆਪਣੀਆਂ ਛਾਤੀਆਂ ' ਤੇ
ਕੀਤਾ ਫਿਰ ਵਾਰ ਵਾਰੋ ਵਾਰ ਸੀ
ਕੱਟੇ ਹੋਏ ਸਤਨ ਲਪੇਟ ਅਤੇ ਭੇਂਟ ਕਰ
ਉੱਕਾ-ਪੁੱਕਾ ਟੈਕਸ ਦਿੱਤਾ ਤਾਰ ਸੀ
ਲਥ-ਪਥ ਲੋਥ ਉਹਦੀ ਹੋ ਗਈ ਸੀ ਵਿੰਹੰਦੇ ਵਿੰਹੰਦੇ
ਖੂਨ ਦੀ ਜਿਉਂ ਚੱਲੀ ਫਿਰ ਫ਼ੁਹਾਰ ਸੀ
ਨਾਰੀ ਦੇ ਬਦਨ ਦੀ ਬੇਅਦਬੀ ਜੋ ਕਰਦੇ ਸੀ
ਅੰਤ ਨੂੰ ਉਹਨਾਂ ਦੀ ਹੋਈ ਹਾਰ ਸੀ