ਸਤਿਗੁਰ ਜੀ ਦੀ ਖੇਡ ਦਾ ਅੰਤ ਨਾ ਪਾਰਾਵਾਰ (ਬਾਲ ਲੀਲਾ)

ਬਾਲਾ ਪ੍ਰੀਤਮ ਖੇਡਦਾ ਖੇਡਾਂ ਕਈ ਹਜ਼ਾਰ 

ਉਸ ਦੀ ਇਕ ਇਕ ਖੇਡ ਦਾ ਅੰਤ ਨਾ ਪਾਰਾਵਾਰ 

ਲੰਘਿਆ ਕੋਈ ਨਵਾਬ ਜਾਂ ਲਗੇ ਕਹਿਣ ਗ਼ੁਲਾਮ 

ਮੁੰਡਿਓ ਖੇਡਣ ਵਾਲਿਓ ਝੁਕ ਝੁਕ ਕਰੋ ਸਲਾਮ 

ਅਗੋਂ ਗੋਬਿੰਦ ਬੋਲਿਆ ਮੁੰਡਿਆਂ ਦਾ ਸਰਦਾਰ 

ਸਾਡਾ ਸਿਰ ਹੈ ਝੁਕਦਾ ਸਤਿਗੁਰ ਦੇ ਦਰਬਾਰ 

ਫੇਰ ਝੁਕਾ ਕੇ ਦੰਦੀਆਂ ਖੋਲ੍ਹੀ ਇੰਜ ਜ਼ਬਾਨ 

ਪੈਦਾ ਕੀਤੇ ਰੱਬ ਨੇ ਇਕੋ ਜਏ ਇਨਸਾਨ 

ਮੁਸਲਮਾਨ ਸੀ ਆਖਦੇ ਅੱਲਾ ਦਾ ਹੈ ਨੂਰ 

ਹਿੰਦੂ ਹੈ ਸਨ ਆਖਦੇ ਸਾਡਾ ਸ੍ਰੀ ਹਜ਼ੂਰ 

ਪੰਡਿਤ ਸ਼ਿਵਦੱਤ ਆਖਦਾ ਕਰ ਕਰ ਕੇ ਪਰਨਾਮ 

ਜਾਂ ਇਹ ਮੇਰਾ ਕ੍ਰਿਸ਼ਨ ਹੈ ਜਾਂ ਹੈ ਮੇਰਾ ਰਾਮ 

ਯਾਦ ਕਰਾਂ ਜਦ ਰਾਮ ਨੂੰ ਲਾਵਾਂ ਜਦੋਂ ਧਿਆਨ 

ਬਹਿੰਦਾ ਮੇਰੇ ਕੋਲ ਹੈ ਫੜ ਕੇ ਤੀਰ ਕਮਾਨ 

ਯਾਦ ਕਰਾਂ ਜਦ ਕ੍ਰਿਸ਼ਨ ਨੂੰ ਇਹੀਓ ਪੁੱਛੇ ਵਾਤ 

ਪੋਲੇ ਪੈਰੀਂ ਆਣ ਕੇ ਕਹੇ ‘‘ਪੰਡਤ ਜੀ ਝਾਤ” 

ਇਹ ਵੀ ਤੋੜੇ ਮਟਕੀਆਂ ਉਂਜ ਗੁਲੇਲੇ ਮਾਰ 

ਜਿਦਾਂ ਹੈ ਸਨ ਤੋੜਦੇ ਮਟਕੀ ਕ੍ਰਿਸ਼ਨ ਮੁਰਾਰ 

ਜਿਹੜੇ ਰੂਪ 'ਚ ਵੇਖਣਾਂ ਉਹੀਓ ਵੇਖੋ ਰੂਪ 

ਲਿਖਿਆ ਠੀਕ ਗਿਆਨੀਆਂ ਬੱਚਾ ਰੱਬ ਸਰੂਪ 

ਇਕ ਫ਼ਤਿਹ ਚੰਦ ਨਾਮ ਦਾ ਰਾਜਾ ਮੈਨੀ ਜ਼ਾਤ 

ਉਸ ਨੂੰ ਹੋਈ ਨਸੀਬ ਨਾ ਪੁੱਤਰ ਵਾਲੀ ਦਾਤ

ਕਿਸੇ ਚੀਜ਼ ਦੀ ਥੋੜ ਨਾ ਮਿਲਖ ਜਗੀਰਾਂ ਬਾਗ਼ 

ਉਮਰਾ ਘਟਦੀ ਜਾ ਰਹੀ ਬੁੱਝਦੇ ਜਾਣ ਚਿਰਾਗ਼ 

ਖਾਈ ਜਾਂਦਾ ਦੁੱਖ ਸੀ ਰਾਜੇ ਨੂੰ ਦਿਨ ਰਾਤ 

ਰਾਣੀ ਅੱਫਲ ਰੁੱਖ ਹੈ ਇਕ ਨਾ ਲੱਗਾ ਪਾਤ 

ਸ਼ਿਵਦੱਤ ਕੋਲੋਂ ਪੁੱਛਦਾ ਕਦ ਬਹੁੜੂ ਭਗਵਾਨ 

ਸਾਡੀ ਝੋਲੀ ਪਾਵਣਾ ਕਦ ਉਸ ਪੁੱਤਰ ਦਾਨ 

ਸ਼ਿਵਦੱਤ ਕਹਿੰਦਾ ਰਾਜਿਆ ਦਿਲ ਨਾ ਰਤਾ ਡੁਲਾ 

ਏਸੇ ਪਟਨੇ ਸ਼ਹਿਰ ਵਿਚ ਰੱਬ ਗਿਆ ਆ 

ਜਾ ਕੇ ਘਰ ਵਿਚ ਬੈਠ ਜਾ ਲਾ ਕੇ ਮੁਗਧ ਧਿਆਨ 

ਰਾਣੀ ਜੀ ਨੂੰ ਆਖਣਾ ਉਦੇ ਹੋਏਗਾ ਭਾਨ 

ਰਾਜਾ ਰਾਣੀ ਬਹਿ ਗਏ ਦੋਵੇਂ ਕਰ ਇਸ਼ਨਾਨ 

ਰਾਣੀ ਕਹਿੰਦੀ ਹੇ ਪ੍ਰਭੂ ਦੇਵੋ ਪੁੱਤ ਨਿਸ਼ਾਨ 

“ਧੇਨ ਦੁਧੇ ਤੇ ਬਾਹਿਰੀ ਕਿਤੇ ਨਾ ਆਵੇ ਕਾਮ 

ਜਲ ਬਿਨੁ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ" 

ਜਾ ਬਾਲਾ ਪ੍ਰੀਤਮਾਂ ਮੈਂ ਮਨ ਚਾਓ ਘਣਾ 

"ਹਰ ਦਰਸਨ ਕਉ ਮਨੁ ਲੋਚਦਾ ਨਾਨਕ ਪਿਆਸ ਮਣਾ" 

ਕੇ ਗੋਦੀ ਬਹਿ ਗਿਆ ਨਿਰਾ ਪੁਰਾ ਇਕ ਨੂਰ 

ਰਾਣੀ ਕਹਿੰਦੀ ਮਾਲਕਾ ਕੁੱਖ ਹੋਈ ਭਰਪੂਰ

ਘੁੱਟ ਘੱਟ ਪਾਵੇ ਜਫੀਆਂ ਲਾਵੇ ਸੀਨੇ ਨਾਲ 

ਚੁੰਮ ਚੁੰਮ ਨੂਰੀ ਮੁਖੜਾ ਕੀਤਾ ਲਾਲੋ ਲਾਲ 

ਬਾਲਾ ਪ੍ਰੀਤਮ ਬੋਲਦਾ ਬਸ ਕਰ ਬਸ ਕਰ ਮਾਂ 

ਰਾਣੀ ਅਗੋਂ ਆਖਦੀ ਨਾ ਵੇ ਪੁੱਤਰ ਨਾ 

ਅੱਖੀਂ ਵੇਖ ਨਾ ਰੱਜੀਆਂ ਮੇਰੇ ਘਣਸ਼ਾਮ 

“ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੇ ਰਾਮ" 

ਰਾਜਾ ਲੈ ਕੇ ਗਿਆ ਅੰਦਰੋਂ ਦੁੱਧ ਜਲੇਬ 

ਪ੍ਰੀਤਮ ਕਹਿੰਦੇ ਹੋ ਗਿਆ ਸਾਡੇ ਨਾਲ ਫ਼ਰੇਬ 

ਕਿੱਥੇ ਨੇ ਉਹ ਪੂਰੀਆਂ ਤਲੀਆਂ ਸੀ ਜੋ ਆਪ 

ਚੀਜ਼ ਲੁਕਾਉਣੀ ਪੁੱਤ ਤੋਂ ਰਾਣੀ ਮਾਂ ਹੈ ਪਾਪ 

ਘੁੰਘਣੀਆਂ ਦੇ ਮਾਰਣੇ ਫੱਕੇ ਅਸਾਂ ਜ਼ਰੂਰ 

ਰੱਖੋ ਦੁੱਧ ਮਲਾਈਆਂ ਸਾਡੇ ਕੋਲੋਂ ਦੂਰ

ਰਾਜਾ ਕਹਿੰਦਾ ਰਾਣੀਏ ਹੁਣ ਨਾ ਮੰਗੀਂ ਪੁੱਤ 

ਇਸ ਦੇ ਕੋਲੋਂ ਹੋਰ ਨਾ ਸੋਹਣੀ ਕੋਈ ਰੁੱਤ 

ਏਹੀਓ ਸਾਡੇ ਬਾਗ਼ ਦਾ ਖਿੜਿਆ ਫੁੱਲ ਗੁਲਾਬ 

ਹੋਇਆ ਅਜ ਨਸੀਬ ਹੈ ਪੁੱਤਰ ਲਾਜਵਾਬ 

ਰਾਜੇ ਦੇ ਫਿਰ ਬਾਗ਼ ਨੂੰ ਗੋਬਿੰਦ ਲਾਏ ਭਾਗ 

ਉਜੜੇ ਹੋਏ ਬਾਗ਼ ਦਾ ਸਤਿਗੁਰ ਬਣੇ ਸੁਹਾਗ 

“ਵਣ ਤਿਣੁ ਪ੍ਰਭ ਸੰਗ ਮਉਲਿਆ ਸੰਮ੍ਰਥ ਪੁਰਖ ਅਪਾਰ 

ਹਰ ਮਿਲਣੇ ਨੋ ਮਨੁ ਲੋਚਦਾ ਕਰਮ ਮਿਲਾਵਣ ਹਾਰ" 

ਹੁਣ ਨਾ ਆਲ ਉਲਾਦ ਦੀ ਰਾਜਾ ਆਖੇ ਭੁੱਖ 

ਸਭੇ ਇੱਛਾਂ ਪੁਨੀਆਂ ਸਫ਼ਲੀ ਹੋਈ ਕੁੱਖ

ਪੈਰ ਪੈਰ ਤੇ ਸਤਿਗੁਰੂ ਤਾਰੇ ਕਈ ਗ਼ਰੀਬ 

ਜਿਸ ਜਿਸ ਦਰਸ਼ਨ ਪਾ ਲਿਆ ਹੋਇਆ ਖ਼ੁਸ਼ਨਸੀਬ 

ਚਸ਼ਮਾ ਹੈ ਇਹ ਫ਼ੈਜ਼ ਦਾ ਕਹੇ ਨਵਾਬ ਕਰੀਮ 

ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਹੇ ਨਵਾਬ ਰਹੀਮ 

ਦੀਨ ਦੁਖੀ ਦਾ ਬਣ ਗਿਆ ਬਾਲਾ ਜੀ ਗ਼ਮਖ਼ਾਰ 

ਸਾਰਾ ਪਟਨਾ ਸ਼ਹਿਰ ਹੀ ਜਾਂਦਾ ਸੀ ਬਲਿਹਾਰ 

ਨਕਲੀ ਕਰੇ ਲੜਾਈਆਂ ਬਾਲਾਂ ਦੀ ਲਏ ਫ਼ੌਜ 

ਗੰਗਾ ਲਹਿਰਾਂ ਵਾਂਗਰਾਂ ਉਠੇ ਮਨ ਦੀ ਮੌਜ 

ਕੀਤਾ ਨਹੀਂ ਹਜ਼ੂਰ ਨੇ ਸੋਨੇ ਨਾਲ ਪਿਆਰ 

ਸਵੱਰਨ ਕੜਾ ਸੀ ਸੁਟਿਆ ਗੰਗਾ ਦੇ ਵਿਚਕਾਰ 

ਕਿਥੇ ਸੁੱਟਿਆ ਪੁੱਛਦੀ ਕੇ ਗੁਜਰੀ ਮਾਂ 

ਦੂਜੇ ਨੂੰ ਵੀ ਸੁੱਟ ਕੇ ਕਹਿਣ ਲੱਗੇ ਉਸ ਥਾਂ 

ਤੇਗ਼ ਬਹਾਦਰ ਸਾਹਿਬ ਸਨ ਉਸ ਵੇਲੇ ਆਸਾਮ 

ਝਟ ਪਟ ਉਨ੍ਹਾਂ ਭੇਜਿਆ ਪਟਨੇ ਇਹ ਪੈਗ਼ਾਮ 

ਲੈ ਕੇ ਗੋਬਿੰਦ ਲਾਲ ਨੂੰ ਪਹੁੰਚੋ ਪੁਰੀ ਅਨੰਦ 

ਸਾਮਰਾਜ ਦੇ ਜ਼ੁਲਮ ਦੇ ਖੱਟੇ ਕਰੀਏ ਦੰਦ 

ਪਟਨੇ ਘਲ ਸੁਨੇਹੁੜਾ ਆਲੀ ਗੁਰੂ ਜਨਾਬ 

ਸਿੱਧੇ ਟੁਰੇ ਆਸਾਮ ਤੋਂ ਪਹੁੰਚੇ ਸਨ ਪੰਜਾਬ 

ਖ਼ਬਰਾਂ ਸੁਣੀਆਂ ਸ਼ਹਿਰ ਨੇ ਹੋ ਗਏ ਲੋਕ ਉਦਾਸ 

ਦੌੜੇ ਦੌੜੇ ਪਹੁੰਚਦੇ ਮਾਤਾ ਗੁਜਰੀ ਪਾਸ

ਕਹਿੰਦੇ ਪਟਨੇ ਸ਼ਹਿਰ ਦੀ ਨਿਕਲਣ ਲੱਗੀ ਜਿੰਦ 

ਟੁਰ ਜਾਊ ਏਥੋਂ ਜ਼ਿੰਦਗੀ ਟੁਰਿਆ ਜੇ ਗੋਬਿੰਦ 

“ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ 

ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ” 

ਕਹਿੰਦਾ ਸ਼ਿਵਦੱਤ ਰਾਮ ਨੇ ਫੇਰ ਲਿਆ ਬਨਬਾਸ 

ਕੁਲ ਅਜੁਧਿਆ ਰੋ ਰਹੀ ਟੁੱਟ ਗਈ ਧਰਵਾਸ 

ਸਤਿਗੁਰ ਦੇਣ ਤਸੱਲੀਆਂ ਹੋਣਾ ਨਹੀਂ ਨਿਰਾਸ 

ਜਦ ਤਕ ਦੁਨੀਆਂ ਕਾਇਮ ਹੈ ਰਹੂੰ ਤੁਹਾਡੇ ਪਾਸ 

ਜਦ ਤਕ ਜਗ ਤੇ ਅੰਮੀਆਂ ਬੱਚਿਆਂ ਦਾ ਸੰਸਾਰ 

ਹਰ ਬੱਚੇ ਚੋਂ ਵੇਖਣਾ ਮੇਰੇ ਨਕਸ਼ ਨੁਹਾਰ 

ਕਰ ਕਰ ਕੱਠੇ ਪੂਜਣਾ ਆਪਣੇ ਬਾਲ ਗੁਪਾਲ 

ਆਵਣ ਵਾਲੇ ਵਕਤ ਦੀ ਕਰਨੀ ਜਿਨ੍ਹਾਂ ਸੰਭਾਲ 

ਚੁੰਮ ਚੁੰਮ ਰੱਖਣੇ ਮੁਖੜੇ ਕਿਰਤਾਂ ਵਾਲੇ ਹੱਥ 

ਚੁੰਮ ਚੁੰਮ ਰੱਖਣੇ ਪੈਰ ਉਹ ਜਿਨ੍ਹਾਂ ਬਣਾਉਣੇ ਪੱਥ 

ਇਕ ਦਿਨ ਐਸਾ ਆਏਗਾ ਦੁਨੀਆਂ ਵਿਚ ਜ਼ਰੂਰ 

ਆਣ ਮਿਲੇਗਾ ਆਪ ਹੀ ਮੂਸਾ ਨੂੰ ਕੋਹਤੂਰ 

ਨਾ ਕੋਈ ਹਿੰਦੂ ਰਹੇਗਾ ਨਾ ਕੋਈ ਮੁਸਲਮਾਨ 

ਇਸ ਦੁਨੀਆਂ ਤੇ ਰਹੇਗਾ ਖਾਲਸ ਇਕ ਇਨਸਾਨ 

ਧਰਮ ਹੋਊ ਮਾਨੁੱਖਤਾ ਆਦਮ ਹੋਸੀ ਨਾਮ 

ਓਹੀਓ ਅੱਲਾ ਵਾਹਿਗੁਰੂ ਓਹੀਉ ਕ੍ਰਿਸ਼ਨ ਤੇ ਰਾਮ 

ਨਾ ਕੋਈ ਛੋਟਾ ਰਹੇਗਾ ਨਾ ਉੱਚਾ ਅਭਿਮਾਨ 

ਇਕੋ ਪੰਗਤ ਬੈਠਿਆਂ ਮਿਲਣਾ ਪਹਿਨਣ ਖਾਨ 

ਘੜਣੀ ਇਨ੍ਹਾਂ ਬੱਚਿਆਂ ਐਸੀ ਹੈ ਤਕਦੀਰ 

ਰਾਜੇ ਨਾਲ ਬਰਾਬਰੀ ਉਠ ਕੇ ਕਰੂ ਫ਼ਕੀਰ 

📝 ਸੋਧ ਲਈ ਭੇਜੋ