ਸਾਥੀ ਵਿਦਿਆਰਥੀਆਂ ਨੂੰ

ਆਪਾਂ ਸਭ ਮੁਸਾਫਰ ਯਾਰੋ

ਆਪਣੀ ਆਪਣੀ ਗੰਢ ਪੋਟਲੀ ਚੁੱਕੀ 

ਦੂਰ ਦੂਰ ਤੋਂ ਇਸ ਟੇਸ਼ਣ 'ਤੇ ਕੱਠੇ ਹੋਏ

ਦੂਰ ਦੂਰ ਦੇ ਦਾਈਏ ਬੰਨ੍ਹੀਂ।

ਵਾਹ ਵਾਹ ਭੀੜ ਭੜੱਕਾ ਜੁੜਿਆ

ਰੰਗ ਬਰੰਗਾ ਮਿਲਵਾਂ ਜੁਲਵਾਂ

ਨਜ਼ਰ ਲਭਾਂਦੇ

ਭੁੱਖ ਜਗਾਂਦੇ

ਰੰਗ ਮਹਿਕਦੇ।

ਜਾਣ ਬੁੱਝ ਕੇ ਮੋਢੇ ਖਹਿੰਦੇ

ਪਿੱਛੋਂ ਭੁਲ ਬਖ਼ਸ਼ਾਈ ਹੁੰਦੀ। 

ਠਾਹਰਾਂ ਕੱਢਦੇ

ਸਾਥ ਬਣਾਉਂਦੇ

ਕਈ ਸੱਜਣ ਨੇ

ਆਪਣਾ ਸਫ਼ਰ ਸੁਖਾਲਾ ਕਰਦੇ

ਪਹਿਲਾ, ਦੂਜਾ, ਤੀਜਾ ਦਰਜਾ 

ਜਿੰਨੀ ਜੋਗੇ ਹਿੰਮਤ ਵਾਲੇ

ਟਿਕਟਾਂ ਲੈ ਕੇ ਚੜ੍ਹ ਜਾਂਦੇ ਨੇ।

ਕਈ ਵਿਚਾਰੇ

ਰੌਣਕ-ਮੇਲੇ-ਰੰਗ ਦੇ ਚਸਕੇ ਵਿਚ ਉਲਝ ਕੇ

ਗੱਡੀਓਂ ਖੁੰਝਦੇ,

ਅੱਕਦੇ, ਖਿਝਦੇ ਬੈਠ ਕੇ ਅਗਲੀ ਮੇਲ ਉਡੀਕਣ

ਕਈ ਗ਼ਰੀਬ ਤਾਂ ਕੇਰਾਂ ਖੁੰਝੇ

ਗੰਢ ਪੋਟਲੀ ਚੁਕ ਕੇ ਘਰ ਨੂੰ ਤੁਰ ਜਾਂਦੇ ਨੇ।

ਸੱਚ ਪੁੱਛੋ ਤਾਂ ਆਪਾਂ ਸਭ ਮਰੀਜ਼ ਹਾਂ ਮਿਤਰੋ, 

ਇਸ ਸਰਕਾਰੀ ਹਸਪਤਾਲ ਦੀ ਸ਼ਰਨ ਪਏ ਜੋ।

ਅੱਖੀਂ ਧੁੰਦਾਂ ਮਗ਼ਜ਼ੀ ਜਾਲੇ

ਹੱਡਾਂ ਦੇ ਵਿਚ ਰੋਗ ਰਚੇ ਪਰਹੇਜ਼ ਨਾ ਕਰਦੇ। 

ਏਥੇ ਕੇ

ਸੱਜਰੇ ਦੁੱਖ ਸਹੇੜ ਹਾਂ ਲੈਂਦੇ

ਸੀਨੇ ਜ਼ਖ਼ਮੀ ਹੁੰਦੇ

ਦਿਲ ਤੇ ਤੀਰ ਨਿਸ਼ਾਨੇ ਚਲ ਨਾਸੂਰ ਨੇ ਭਰਦੇ।

ਬੜੇ ਸਿਆਣੇ ਕਈ ਡਾਕਟਰ

ਹੈਨ ਵਲਾਇਤੋਂ ਪੜ੍ਹ ਕੇ ਆਏ

ਅਕਲ ਇੰਜੈਕਸ਼ਨ ਕਰਦੇ

ਅਪਣੀ ਅਪਣੀ ਵਾਹ ਲਾਉਂਦੇ ਨੇ।

ਕਿਸਮਤ ਵਾਲੇ ਨੌ ਬਰ ਨੌ ਹਨ ਹੋ ਕੇ ਜਾਂਦੇ

ਮਿਹਨਤ ਦਾ ਫਲ ਪਾਉਂਦੇ।

ਪਰ ਬਹੁਤੇ ਤਾਂ ਘੋਰ-ਪੰਥੀਏ

ਟੁੱਕ ਪਾੜਦੇ

ਨ੍ਹੇਰ 'ਚ ਸੋਟੇ ਮਾਰਨ

ਨ੍ਹੇਰ ਦੀ ਖੱਟੀ-

ਸਾਰੀ ਜ਼ਿੰਦਗੀ ਅੰਨ ਪੂਜਾ ਦੀਆਂ ਸੁੱਖਾਂ 

ਖੱਟ ਕੇ ਮੁੜਦੇ।

📝 ਸੋਧ ਲਈ ਭੇਜੋ