ਸਤਲੁਜ ਬਿਆਸ ਜਾਂ ਜੇਲਮ ਚਨਾਬ ਦੀ ਗੱਲ?
ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ ?
ਪੱਤੀ ਪੱਤੀ ਵਲੂੰਦਰੀ ਗਈ ਉਸ ਦੀ
ਸ਼ਰਫ ਕਰਦਾ ਸੀ ਜਿਹੜੇ ਗੁਲਾਬ ਦੀ ਗੱਲ।
ਪਾਜ ਖੁੱਲ੍ਹ ਜਾਵੇ ਘਾਲਿਆਂ ਮਾਲਿਆਂ ਦਾ
ਬਹਿ ਕੇ ਲੋਕ ਜੇ ਕਰਨ ਹਿਸਾਬ ਦੀ ਗੱਲ।
ਪੜ੍ਹਦੇ ਪੂਜਦੇ ਦਿਲ ਦੀਆਂ ਧੜਕਣਾਂ ਜੋ
ਉਹ ਨਹੀਂ ਜਾਣਦੇ ਕੁੜੀ ਕਿਤਾਬ ਦੀ ਗੱਲ।
ਮੇਰੇ ਇਸ਼ਕ ਦੀ, ਤੇਰੇ ਸ਼ਬਾਬ ਦੀ ਗੱਲ
ਪਿੱਛਲੇ ਪਹਿਰ ਦੇ ਜਿਸ ਤਰ੍ਹਾਂ ਖਾਬ ਦੀ ਗੱਲ।
ਤੋਤਾ ਪਿੰਜਰੇ ਦੀ ਚੂਰੀ ਛੱਡ ਬੈਠਾ
ਉੱਡਦੀ ਉੱਡਦੀ ਜਦ ਸੁਣੀ ਉਕਾਬ ਦੀ ਗੱਲ
ਪੁੱਛੋ ਪੰਡਤਾਂ ਭਾਈਆਂ ਮੁਲਾਣਿਆਂ ਨੂੰ
ਕਦੀ ਕੀਤੀ ਹੈ ਕੋਈ ਸਵਾਬ ਦੀ ਗੱਲ ?