ਸੱਤ ਸਮੁੰਦਰ ਪਾਰ ਗਈ ਹੈ

ਸੱਤ ਸਮੁੰਦਰ ਪਾਰ ਗਈ ਹੈ ਜਦ ਤੋਂ ਗੋਰੀ ਛਾਂ ।

ਖੰਡਰ-ਖੰਡਰ ਜਾਪ ਰਹੇ ਨੇ ਸਾਰੇ ਸ਼ਹਿਰ-ਗਰਾਂ।

ਜਿਸ ਵੇਲੇ ਤੋਂ ਉੱਗ ਪਏ ਹਨ ਇਹ ਲੋਹੇ ਦੇ ਰੁੱਖ ,

ਉਸ ਵੇਲੇ ਤੋਂ ਉੱਡ ਗਈ ਹੈ ਹਰ ਥਾਂ ਤੋਂ ਚੁੱਪ-ਚਾਂ । 

ਨੰਗੇ ਪਿੰਡੇ ਤੁਰਦੇ ਫਿਰਦੇ ਇਹ ਕਿੱਦਾਂ ਦੇ ਲੋਕ ? 

ਮੈਂ ਕਸ਼ਮੀਰੀ ਕੰਬਲ ਵਿਚ ਵੀ ਸਰਦੀ ਨਾਲ ਠਰਾਂ । 

ਮੈਂ ਕੀ ਜਾਣਾਂ ਇਸਦੀ ਕਿੰਨੀ ਉੱਚੀ ਹੈ ਪਰਵਾਜ਼ ? 

ਆਪਣੇ ਜਿੰਦ ਗ਼ੁਬਾਰੇ ਨੂੰ ਮੈਂ ਸਾਹਾਂ ਨਾਲ ਭਰਾਂ ।

ਜਿਸ ਬੰਦੇ ਨੇ ਸਾਹ ਛੱਡਿਆ ਸੀ ਗੱਡੇ-ਰਾਹ ਵਿਚਕਾਰ , 

ਅੱਜ ਕੱਲ੍ਹ ਉਸਦੇ ਨਾਂ 'ਤੇ ਹੈ ਇਕ ਲਿੰਕ-ਰੋਡ ਦਾ ਨਾਂ ।

ਅਪਣੇ ਪਿੱਛੇ ਛੱਡਦੇ ਜਾਂਦੇ ਕਾਲਖ਼ ਵਰਗੀ ਲੀਕ , 

ਜਿੱਥੋਂ-ਜਿੱਥੋਂ ਉੱਡਦੇ ਜਾਂਦੇ ਕਾਂ-ਕਾਂ ਕਰਦੇ ਕਾਂ । 

ਉਘੜੇ ਦੁਘੜੇ ਖ਼ਾਕੇ ਉੱਭਰਨ ਮਨ ਦੇ ਕੈਨਵਸ ਉੱਪਰ , 

ਧੁੰਦਲੇ ਭੂਤ-ਅਤੀਤ ਸਮੇਂ ਨੂੰ ਜਦ ਵੀ ਯਾਦ ਕਰਾਂ। 

ਗਿਰਗਿਟ ਵਰਗੇ ਮੌਸਮ ਨੂੰ ਤੂੰ 'ਇਕਵਿੰਦਰ' ਖੁਦ ਦੇਖ , 

ਸਾਡੇ ਘਰ ਵਿਚ ਸੜ੍ਹਦੀ ਧੁੱਪ ਹੈ ਉਹਨਾਂ ਦੇ ਘਰ ਛਾਂ ।

📝 ਸੋਧ ਲਈ ਭੇਜੋ