ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇ ।
ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ ।
ਅਖੀਆਂ ਦੇ ਵਿਚ ਦੀਵੇ ਭਰ ਕੇ ਲੰਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਿੰਨੇ ।
ਵਰ੍ਹਿਆਂ ਬੱਧੀ ਸੂਰਜ ਬਾਲੇ ਵਰ੍ਹਿਆਂ ਬੱਧੀ ਚੰਨ ਜਗਾਏ
ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ ।
ਕਿਸੇ ਨਾ ਆ ਕੇ ਸ਼ਮ੍ਹਾ ਜਗਾਈ ਘੋਰ ਕਾਲਖ਼ਾਂ ਜਿੰਦ ਵਲ੍ਹੇਟੀ
ਵਰ੍ਹਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਛੁੰਨੇ ।
ਸੌ ਸੌ ਵਾਰ ਮਨਾਈਆਂ ਜਾ ਕੇ ਪਰ ਤਕਦੀਰਾਂ ਮੁੜ ਨਾ ਮੰਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨ੍ਹੇ ।
ਹਾਰੇ ਹੋਏ ਮੇਰੇ ਹੱਥਾਂ ਵਿਚੋਂ ਸ਼ਮ੍ਹਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ ।
ਹੋਠਾਂ ਵਿਚ ਜਗਾ ਕੇ ਜਾਦੂ ਹੱਥ ਮੇਰੇ ਉਸ ਛੋਹੇ
"ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ !"
ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲੱਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ ।
ਸੱਤਾਂ ਵਰ੍ਹਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲੱਖਾਂ ਪੁੰਨੂੰ ਲੱਖਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ ।
ਦੋਵੇਂ ਹੋਠ ਉੜਾ ਕੇ ਉਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ ।