ਹਾਰ, ਹਮੇਲਾਂ 'ਤੇ ਗੁਲੂਬੰਦ ਦੇਖਾਂ,
ਛਾਨਣੀਂ ਵਿੱਚੋਂ ਦੀ ਸੁਹਾਗਣਾਂ ਦਾ ਚੰਨ ਦੇਖਾਂ।
ਥਿੜਕਣ ਨਾ ਅਕੀਦੇ, ਕਾਹਲੀਆਂ ਹਨ੍ਹੇਰੀਆਂ ਅੱਗੇ,
ਉਹਦੇ ਅੰਦਰ ਮੈਂ ਸਬਰਾਂ ਦਾ ਬੰਨ੍ਹ ਦੇਖਾਂ।
ਭੁੱਖ ਲੂਈਂ ਕੰਡਿਆਉਂਦੀ ਹੈ ਜਿਸਮਾ ਦੀ,
ਹਰ ਘਰ 'ਚ ਮੌਲਾ ਮੈਂ ਅੰਨ ਦੇਖਾਂ।
'ਸੱਤੇ' ਵਹਿਮ ਨੂੰ ਤਰਕਾ ਦੀ ਤੱਕੜੀ ਵਿੱਚ ਤੋਲੀ,
ਐਸੇ ਭਰਮ ਦਾ ਠੀਕਰਾ ਭੰਨ੍ਹ ਦੇਖਾਂ।
ਵੱਖ ਕੀਤਾ ਜਿਸਨੇ ਨਨਕਾਣਿਆਂ ਖਿਦਰਾਣਿਆਂ ਨੂੰ,
ਮੁੜ ਕੇ ਨਾ ੪੭ ਦਾ ਸੰਨ ਦੇਖਾਂ।
ਥਾਂ-ਥਾਂ ਸਿਜਦੇ ਕੀਤਿਆਂ ਮਾਣ ਘੱਟਦੈ,
ਆਪਣੇ ਅੰਦਰ ਨੂੰ ਇਸ਼ਟ ਮੈਂ ਮੰਨ ਦੇਖਾਂ।