ਸੌਂ ਜਾ ਮੇਰੇ ਮਾਲਕਾ

ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ, 

ਵੇ ਕਾਲਖਾਂ 'ਚ ਤਾਰਿਆਂ ਦੀ ਡੁਬ ਗਈ ਸਵੇਰ

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ੍ਹ, 

ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ

ਵੇ ਜ਼ਿੰਦਗੀ ਖ਼ਮੋਸ਼, ਬੇਹੋਸ਼ ਕਾਇਨਾਤ

ਹੈ ਖੂਹਾਂ ਵਿਚ ਆਦਮੀ ਦੀ ਜਾਗਦੀ ਸੜ੍ਹਾਂਦ, 

ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ ;

ਵੇ ਸੀਤ ਨੇ ਮੁਆਤੇ ਤੇ ਗ਼ਸ਼ ਹੈ ਜ਼ਮੀਨ, 

ਵੇ ਸੀਨਿਆਂ 'ਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ

ਵਿਹਲਾ ਹੋ ਕੇ ਸੌਂ ਗਿਆ ਲੋਹਾ ਅਸਪਾਤ

ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਕੇਰ, 

ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ

ਹਮੇਸ਼ ਨਹੀਂ ਕੁੱਦਣਾ ਮਨੁੱਖ ਨੂੰ ਜਨੂੰਨ, 

ਹਮੇਸ਼ ਨਹੀਂ ਡੁੱਲ੍ਹਣਾ ਜ਼ਮੀਨ ਉੱਤੇ ਖ਼ੂਨ

ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਙ ਰਾਤ

ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ

📝 ਸੋਧ ਲਈ ਭੇਜੋ