ਸੌ ਮੁਸੀਬਤ ਸੌ ਤਸੀਹੇ

ਸੌ ਮੁਸੀਬਤ ਸੌ ਤਸੀਹੇ ਜਰ ਰਿਹਾ ਹੈ ਆਦਮੀ । 

ਆਪਣੀ ਛਾਂ ਵਿਚ ਗੁਜ਼ਾਰਾ ਕਰ ਰਿਹਾ ਹੈ ਆਦਮੀ । 

ਆਪਣੇ ਕਿਰਦਾਰ ਕੋਲੋਂ ਡਰ ਰਿਹਾ ਹੈ ਆਦਮੀ । 

ਹੁਣ ਨਹੀਂ ਵਿਸ਼ਵਾਸ ਦਾ ਪਾਤਰ ਰਿਹਾ ਹੈ ਆਦਮੀ । 

ਖ਼ਾਹਿਸ਼ਾਂ ਦੇ ਖ਼ਾਕਿਆਂ ਨੂੰ ਭਰ ਰਿਹਾ ਹੈ ਆਦਮੀ । 

ਕਹਿਕਸ਼ਾਵਾਂ ਦੀ ਨੁਮਾਇਸ਼ ਕਰ ਰਿਹਾ ਹੈ ਆਦਮੀ । 

ਜੁਗਨੂੰਆਂ ਨੂੰ ਪਕੜਦਾ ਹੈ ਅੱਗ ਨੂੰ ਛੂੰਹਦਾ ਹੈ ਇਹ, 

ਆਦਮੀ ਦੇ ਵਾਂਗ ਹੀ ਤਾਂ ਕਰ ਰਿਹਾ ਹੈ ਆਦਮੀ ।

ਜੋ ਕਦੇ ਸਾਗਰ ਦੇ ਸੁੱਕਣ 'ਤੇ ਨਹੀਂ ਸੀ ਡੋਲਿਆ, 

ਬੂੰਦ ਦੇ ਸਿਮਟਣ 'ਤੇ ਅੱਖੀਆਂ ਭਰ ਰਿਹਾ ਹੈ ਆਦਮੀ ।

ਜ਼ਿਹਨ ਦੇ ਸਾਗਰ 'ਚ ਇਸ ਨੂੰ ਲਾਉਣ ਦੇਵੋ ਤਾਰੀਆਂ, 

ਜ਼ਿੰਦਗਾਨੀ ਦੇ ਤਜਰਬੇ ਕਰ ਰਿਹਾ ਹੈ ਆਦਮੀ । 

ਰੋਜ਼ ਹੀ ਉਸ ਦੀ ਸਮਾਧੀ ਭੰਗ ਕਰ ਦਿੰਦਾ ਹੈ ਇਹ, 

ਸੋਚਦਾ ਅਸਮਾਨ ਹੈ ਕੀ ਕਰ ਰਿਹਾ ਹੈ ਆਦਮੀ ?

ਇਸ ਨੂੰ 'ਇਕਵਿੰਦਰ' ਸਮੇਂ ਨੇ ਇਹ ਕੀ ਦਿੱਤਾ ਹੈ ਸਰਾਪ ? 

ਜੀਉਣ ਜੋਗਾ ਜੀਅ ਰਿਹਾ ਨਾ ਮਰ ਰਿਹਾ ਹੈ ਆਦਮੀ ।

📝 ਸੋਧ ਲਈ ਭੇਜੋ