ਸੌ ਸੌ ਸਾਲਾਂ ਉਮਰਾਂ ਹੋਈਆਂ

ਸੌ ਸੌ ਸਾਲਾਂ ਉਮਰਾਂ ਹੋਈਆਂ, ਲੱਗਿਆ ਪਲ ਦਾ ਮੇਲਾ ਸੀ ।

ਜੀਵਨ ਦਾ ਕੋਈ ਮਕਸਦ ਨਾ ਸੀ, ਸਮਝੋ ਮਰਨ ਦਾ ਹੀਲਾ ਸੀ ।

ਆਪਣੇ ਆਪ ਨੂੰ ਕਿੱਦਾਂ ਬਦਲਾਂ, ਜਾਨ ਛੁਡਾਵਾਂ ਦੁੱਖਾਂ ਤੋਂ,

ਜਿੱਧਰ ਜਾਵਾਂ ਉੱਧਰ ਅੱਗੇ, ਦੁੱਖੜਾ ਨਵਾਂ ਨਵੇਲਾ ਸੀ ।

ਆਖ਼ਰ ਤੇਰਾ ਦਰਸ਼ਨ ਹੋਇਆ, ਕਿੱਥੇ ਹੋਇਆ, ਸਾਨੂੰ ਕੀ,

ਮਸਜਿਦ ਸੀ, ਮੰਦਰ ਸੀ ਯਾ ਫਿਰ, ਬਾਲ ਨਾਥ ਦਾ ਟਿੱਲਾ ਸੀ ।

ਆਪਣੀ ਅੱਗ ਵਿਚ ਆਪੇ ਸੜ ਕੇ, ਆਖ਼ਰ ਕੁੰਦਨ ਹੋਇਆ ਮੈਂ,

ਉਸਦਾ ਰੁਤਬਾ ਉਚਾ ਹੋਇਆ, ਜਿਹੜਾ ਸਾਡਾ ਚੇਲਾ ਸੀ ।

ਮੈਨੂੰ ਵਹਿਸ਼ਤ ਦੇ ਵਿਚ 'ਆਸ਼ਿਕ' ਦੂਰ ਨਈਂ ਜਾਣਾ ਪੈਣਾ ਸੀ,

ਮੇਰੇ ਆਪਣੇ ਜ਼ਿਹਨ ਦੇ ਅੰਦਰ, ਵੱਡਾ ਜੰਗਲ ਬੇਲਾ ਸੀ ।

📝 ਸੋਧ ਲਈ ਭੇਜੋ