ਸਾਉਣ ਦੀ ਪਹਿਲੀ ਬਾਰਸ਼ ਨਹਾਉਣਾ ਛੱਤ ਉੱਤੇ

ਸਾਉਣ ਦੀ ਪਹਿਲੀ ਬਾਰਸ਼ ਨਹਾਉਣਾ ਛੱਤ ਉੱਤੇ ।

ਨਾਲ ਬਹਾਨੇ ਉਹਦਾ ਆਉਣਾ ਛੱਤ ਉੱਤੇ ।

ਕੱਠਿਆਂ ਹੋ ਕੇ ਪਾਣੀ ਭਰ ਕੇ ਛੰਨੇ ਵਿਚ,

ਅੱਜ ਵੀ ਯਾਦ ਏ ਚੰਨ ਨੂੰ ਲਾਹੁਣਾ ਛੱਤ ਉੱਤੇ ।

ਮੈਂ ਤੇ ਮੈਂ ਆਂ ਸੂਰਜ ਨੂੰ ਵੀ ਨਹੀਂ ਭੁੱਲਣਾ,

ਰਾਤਾਂ ਵਰਗੇ ਵਾਲ ਸੁਖਾਉਣਾ ਛੱਤ ਉੱਤੇ ।

ਸ਼ਿਖਰ ਦੁਪਹਿਰੇ ਭੈਣ ਭਰਾਵਾਂ ਖੇਡਣ ਲਈ,

ਦੋ ਮੰਜੀਆਂ ਦਾ ਕੋਠਾ ਪਾਉਣਾ ਛੱਤ ਉੱਤੇ ।

ਆਪ ਬੁਲਾਕੇ ਝੂਠੀ-ਮੂਠੀ ਰੁੱਸ ਬਹਿਣਾ,

'ਆਤਿਫ਼' ਉਹਨੂੰ ਇੰਜ ਸਤਾਉਣਾ ਛੱਤ ਉੱਤੇ ।

📝 ਸੋਧ ਲਈ ਭੇਜੋ