ਕੁੱਕੜ ਦਿਤੀ ਬਾਂਗ ਗਵਾਂਢੋਂ

ਕਾਂਬਾ ਛਿੜਿਆ 'ਨ੍ਹੇਰੇ ਨੂੰ

ਮੰਦਰ ਦਾ ਘੜਿਆਲ ਖੜਕਿਆ

ਧਰਤੀ ਅੱਖਾਂ ਪੁੱਟੀਆਂ

ਬੋਹੜਾਂ ਉਤੇ ਮੋਰ ਕੂਕਦੇ

ਕੁਲ ਚੁਗਿਰਦਾ ਗੂੰਜ ਰਿਹਾ

ਖੂਹਾਂ ਉੱਤੇ ਡੋਲ ਖੜਕ ਪਏ

ਨੀਂਦਰ-ਪੀਂਘਾਂ ਟੁੱਟੀਆਂ

ਸੁੱਤ-ਉਨੀਂਦੇ ਨੈਣਾਂ ਅੰਦਰ

ਆਸ ਨਵੀਂ ਅੰਗੜਾਈ ਭਰਦੀ

ਅੰਮ੍ਰਿਤ-ਵੇਲੇ ਕਿਰਤੀ-ਬਾਹਾਂ

ਨਾਲ ਮਧਾਣੀ ਜੁਟੀਆਂ

ਸਰਘੀ ਦੀ ਮੁਟਿਆਰ ਕੁੜੀ ਨੇ

ਅੰਬਰ-ਚਿੱਟੀ-ਚਾਦਰ ਉਤੇ,

ਸੂਰਜ-ਮੁਖੀਆ ਫੁਲ ਚਿਤਰਿਆ

ਲੈ ਕੇ ਸੂਹੀਆਂ ਗੁੱਟੀਆਂ

ਕਿਹੜੇ ਜਾਦੂਗਰ ਦੇ ਹੱਥਾਂ

ਧੂੜੇ ਹਰ ਥਾਂ ਚਾਨਣ-ਚਿੱਟੇ

ਪੂਰਬ ਦੇ ਹੁਣ ਮੱਥੇ ਵਿੱਚੋਂ

ਨੂਰੀ-ਧਾਰਾਂ ਫੁੱਟੀਆਂ

ਅੰਗ ਧਰਤ ਦੇ ਨਿਖਰ ਆਏ

ਹੋਰ ਉਚੇਰਾ ਸੂਰਜ ਹੋਇਆ

ਧੂੜਾਂ-ਅੱਟੇ ਰਾਹਾਂ ਉੱਤੇ

ਕਿਰਨਾਂ ਉਸ ਨੇ ਸੁੱਟੀਆਂ

📝 ਸੋਧ ਲਈ ਭੇਜੋ