ਸਾਵਣ ਦਾ ਗੀਤ

ਰਿਮ ਝਿਮ ਰਿਮ ਝਿਮ ਵਰ੍ਹਦਾ ਪਾਣੀ

ਛਮ ਛਮ ਛਮ ਛਮ ਵਰ੍ਹਦਾ ਪਾਣੀ

ਕਲ ਕਲ ਝਰਨੇ ਵਗਦੇ ਜਾਵਣ

ਛਲ ਛਲ ਨਦੀਆਂ ਨਾਲੇ,

ਤ੍ਰਿਪ ਤ੍ਰਿਪ ਮੇਰੇ ਅੱਥਰੂ ਵਗਦੇ

ਫਿਸ ਫਿਸ ਜਾਵਣ ਛਾਲੇ

ਨਿੱਕੀਆਂ ਨਿੱਕੀਆਂ ਕਣੀਆਂ ਬਣ ਬਣ

ਖੁਰਦੀ ਪਈ ਜਵਾਨੀ

ਰਿਮ ਝਿਮ ਰਿਮ ਝਿਮ ਵਰ੍ਹਦਾ ਪਾਣੀ

ਅੱਜ ਧਰਤੀ ਦਾ ਆਂਗਣ ਭਰਿਆ

ਅੰਬਰ ਹੋਇਆ ਖਾਲੀ,

ਤੂੰ ਵੀ ਵਰ੍ਹ ਜਾ ਬੱਦਲਾਂ ਵਾਂਗੂੰ

ਮੇਰੀ ਜਿੰਦ ਸਵਾਲੀ;

ਤੇਰੀ ਆਹਟ ਲੋਚ ਰਹੀ ਹੈ

ਹਿੱਕੜੀ ਦੀ ਵੀਰਾਨੀ

ਛਮ ਛਮ ਛਮ ਛਮ ਵਰ੍ਹਦਾ ਪਾਣੀ

ਅੰਬਰ ਦੀ ਚਾਦਰ ਹੈ ਧੋਤੀ

ਨਿਖਰੇ ਚੰਦ ਸਿਤਾਰੇ;

ਤਿਰੇ ਬਿਨਾਂ ਨਰਕਾਂ ਵਰਗੇ ਨੇ,

ਸਵਰਗਾਂ ਜਿਹੇ ਨਜ਼ਾਰੇ

ਜਾ ਇਕ ਹੁਲਾਰਾ ਦੇ ਜਾ

ਪੀਂਘ ਪਈ ਅਸਮਾਨੀ

ਰਿਮ ਝਿਮ ਰਿਮ ਝਿਮ ਵਰ੍ਹਦਾ ਪਾਣੀ

📝 ਸੋਧ ਲਈ ਭੇਜੋ