ਸੱਯਾਦ ਜਦ ਵੀ ਗੁਜ਼ਰੇ, ਉੱਜੜੇ ਮਕਾਨ ਕੋਲੋਂ।
ਡਰ ਜਾਣ ਸਭ ਪਰਿੰਦੇ, ਖ਼ਾਲੀ ਕਮਾਨ ਕੋਲੋਂ।
ਕੋਈ ਵੀ ਜਦ ਮੁਖ਼ਾਤਿਬ, ਤਾਂ ਸੌਂ ਗਈ ਸੀ ਦੁਨੀਆ,
ਕੀ ਦਾਸਤਾਂ ਸੁਣੋਗੇ, ਹੁਣ ਬੇਜ਼ਬਾਨ ਕੋਲੋਂ।
ਅਪਣੇ ਉਦਾਸ ਘਰ ‘ਚੋਂ ,ਮੈਂ ਢੂੰਡਿਆ ਨਾ ਤੈਨੂੰ,
ਪੁੱਛਿਆ ਤੇਰਾ ਪਤਾ ਮੈਂ, ਨਿੱਤ ਆਸਮਾਨ ਕੋਲੋਂ।
ਚੌਰਾਹਿਆਂ ‘ਚ ਇਸ ਨੇ, ਕੀ ਬਾਲਣਾ ਏ ਸੂਰਜ,
ਦੀਵਾ ਤਾਂ ਬਲ਼ ਨਾ ਸਕਿਆ, ਇਸ ਹੁਕਮਰਾਨ ਕੋਲੋਂ।
ਕੰਧਾਂ ਦੇ ਨਾਲ ਲੱਗ ਕੇ, ਰੋਣਾ ਪਿਆ ਹੈ ਮੈਨੂੰ,
ਕੀ ਹਾਲ ਪੁੱਛ ਲਿਆ ਮੈ, ਉੱਜੜੇ ਮਕਾਨ ਕੋਲੋਂ।