ਲੱਗਦਾ ਸਕੂਲ ਹੁਣ ਖਾੜਾ ਜੰਗ ਦਾ।
ਲਗਦਾ ਨਾ ਪਤਾ ਕੌਣ ਕਿੰਝ ਡੰਗਦਾ।
ਛੱਡ ਦਿੱਤਾ ਪੱਲਾ ਸਭਨਾਂ ਨੇ ਸੰਗ ਦਾ ।
ਪੈ ਗਿਆ ਖਲਾਰਾ, ਖੇਤ ਬੀਜੀ ਭੰਗ ਦਾ।
ਮਿੱਤਰਾਂ ਨੇ ਵੇਖੋ, ਨੋਟ ਕੀਤੀ ਗੱਲ ਹੈ।
ਕਿਵੇਂ ਕਿਵੇਂ ਦੱਸਾਂ , ਕੌਣ ਕਿਸ ਵੱਲ ਹੈ।
ਕੌਣ ਸੱਚ ਆਖੇ, ਕਿਸੇ ਨੂੰ ਨਾ ਵੱਲ ਹੈ।
ਮਸਲਾ ਹੈ ਵੱਡਾ ,ਕਿਵੇਂ ਹੋਣਾ ਹੱਲ ਹੈ।
ਖਾਈ ਜਾਂਦੇ ਰਾਖੇ, ਹੋ ਕੋ ਮਚਲੇ ਬੜੇ।
ਡਰਦੇ ਨਾ ਭੋਰਾ, ਕਈ ਬਣਗੇ ਧੜੇ ।
ਵੱਜੀ ਜਾਵੇ ਘੰਟੀ, ਗੱਲਾਂ ਕਰਦੇ ਖੜ੍ਹੇ।
ਕੋਈ ਕੋਈ ਹੱਸੇ, ਪਰ ਸੜਦੇ ਬੜੇ।
ਬੱਚਿਆਂ ਦਾ ਕੀ ਐ , ਆਪੇ ਪੜ੍ਹੀ ਜਾਣਗੇ।
ਮਾਰ ਕੇ ਨਕਲ, ਅੱਗੇ ਚੜ੍ਹੀ ਜਾਣਗੇ।
ਮੁਫ਼ਤ ਦੀ ਰੋਟੀ, ਚੌਲ ਕੜ੍ਹੀ ਖਾਣਗੇ
ਟੀਚਰਾਂ ਦਾ ਕੀ ਐ, ਬੱਸ ਸੜੀ ਜਾਣਗੇ।
ਚੱਲੀ ਜਾਂਦਾ ਕੰਮ, ਗੱਡੀ ਰੁੜ੍ਹੀ ਜਾਂਦੀ ਐ।
ਕੰਮ ਵਾਲੇ ਰੁੱਝੇ, ਖਚਰੇ ਦੀ ਚਾਂਦੀ ਐ।
ਦੇਖਦੇ ਤਮਾਸ਼ਾ, ਖੁੱਲ੍ਹਦੀ ਪਰਾਂਦੀ ਐ।
ਤੂੰ ਕੀ ਲੈਣਾ ਸ਼ਮੀ, ਵਾੜ ਖੇਤ ਖਾਂਦੀ ਐ।