ਭਾਰੀ ਬਸਤੇ ਵਾਲੀ
ਮੇਰੀ ਨੰਨ੍ਹੀ ਪੋਤਰੀ
ਪ੍ਰੋਜੈਕਟ ਕਰ ਰਹੀ
ਉਸ ਨੇ ਛੁੱਟੀਆਂ ਵਿਚ
ਬੀ ਫ਼ਾਰ ਬਫ਼ੈਲੋ
ਸੀ ਫ਼ਾਰ ਕਾਉ, ਦੀ ਥਾਂ
ਵੇਖਣੇ ਹਨ
ਮੱਝ ,ਗਾਂ,ਕੱਟੀ, ਵੱਛੀ
ਤੇ ਅਸਲੀ ਦੁੱਧ
ਉਸ ਨੇ ਕਾਪੀ ਵਿਚ
ਗਵਾਲੇ ਦੀ ਫ਼ੋਟੋ ਚਿਮੋੜਨੀ ਹੈ
ਕਿਸਾਨ ਤੇ ਬਲਦ ਦੀ ਵੀ
ਉਸ ਨੇ
ਟਰੈਕਟਰ ਤੇ ਬੈਠਣਾ ਹੈ
ਚੁੱਲ੍ਹੇ ਦੀ ਰੋਟੀ ਚੱਖਣੀ ਹੈ
ਗੰਨਾ ਤੋੜਨਾ , ਵੇਲਣ ਤੇ ਜਾਣਾ
ਸੁੰਘਣਾ ਚੱਟਣਾ ਹੈ ਗਰਮ ਗੁੜ
ਉਸ
ਇਕੱਠੇ ਕਰਨੇ ਹਨ
ਝੋਨਾ, ਮੱਕੀ, ਬਾਜਰਾ
ਜੌਂ ,ਕਨਕ ਤੇ
ਕਪਾਹ ਦੇ ਫੁੱਲ
ਅੰਬ,ਸੰਤਰੇ, ਕੀਨੂੰ
ਜਾਮੁਣ ਤੇ ਕੇਲੇ ਦੇ
ਬੂਟਿਆਂ ਨਾਲ ਖੜੋ
ਖਿੱਚਵਾਣੀਆਂ ਹਨ ਫ਼ੋਟੋਆਂ
ਬਣਾਉਣੀ ਹੈ
ਟਿੰਡ, ਖੂਹ, ਸੱਥ, ਦੇਗ, ਅਤੇ
ਤੇਗ ਦੀ ਡਰਾਈਂਗ
ਹੰਡਾਉਂਣੇ ਹਨ
ਵੱਡੇ ਵਿਹੜੇ ਵਾਲੇ
ਵੱਡੇ ਪਰਿਵਾਰ ਵਿਚ
ਕੁਝ ਪਲ
ਸੂਏ ਵਿਚ ਪੈਰ ਪਾਣਾ ਹੈ
ਮਿੱਟੀ ਨੂੰ ਹੱਥ ਲਾਣਾ ਹੈ
ਚੀਨੀ ਵਰਗੇ ਯੂਰੀਏ ਨੂੰ
ਦੂਰੋਂ ਵੇਖਣਾ ਹੈ
ਇਸੇ ਤਰ੍ਹਾਂ
ਦੂਰੋਂ ਵੇਖਣੇ ਹਨ ਹੱਡਾਰੋੜੀ
ਸਕੂਲ, ਸੀਵੇ, ਅਤੇ
ਲਹਿੰਦੇ ਵੱਲ ਦੀ ਬਸਤੀ
ਗੰਦੇ ਬੱਚਿਆਂ ਦਾ ਸਾਥ
ਬਿਲਕੁਲ ਨਹੀਂ ਕਰਨਾ ਹੈ
ਨਾ ਖੇਡਣੀਆਂ ਹਨ
ਅਪਰਚਿਤ ਖੇਡਾਂ
ਕੋਸ਼ਿਸ਼ ਕਰਨੀ ਹੈ
ਖਾਣਾ ਘਰ ਦਾ ਖਾਣਾ ਹੈ
ਪਾਣੀ ਤਾਂ
ਘਰੋਂ ਹੀ ਲੈ ਕੇ ਜਾਣਾ ਹੈ