ਸੀਨ-ਸੁਣ ਵੇ ਰਾਂਝਣ ਆਪ ਕੂਕ ਮੈਂਡੀ

ਸੀਨ-ਸੁਣ ਵੇ ਰਾਂਝਣ ਆਪ ਕੂਕ ਮੈਂਡੀ

ਪਰ ਪੈਰ ਟੁਰੈਂਦੀ ਥੱਕੀਆਂ ਮੈਂ ।

ਕਨ ਕਹੀਆਂ ਮਹੀਂ ਮੈਂ ਲਈਆਂ ਲਈਆਂ

ਝੱਲੇ ਚੜ੍ਹੈਂਦੀ ਥੱਕੀਆਂ ਮੈਂ ।

ਖਿੰਡ ਪਈਆਂ ਛਿੜ ਵੇਲੇ ਮਹੀਂ

ਭੱਜ ਫਿਰੇਂਦੀ ਥੱਕੀਆਂ ਮੈਂ ।

ਵਛਲੀ(ਵੰਝਲੀ) ਰਾਂਝਣ ਵਛਲੀ ਵੇ ਹੁਣ

ਮਹੀਂ ਮੁੜੇਂਦੀ ਥੱਕੀਆਂ ਮੈਂ ।

ਪਵੇ ਨਿਆਜ਼ ਕਬੂਲ ਮੈਂਡੀ

ਅਤਿ ਜੀਉ ਡਰੇਂਦੀ ਥੱਕੀਆਂ ਮੈਂ ।

ਮਹੀਂ ਝੋਕ ਕਦਾਹੀਂ ਝੋਕੀਆਂ ਵੇ

ਸਾਰਾ ਦੇਂਹ ਚਰੈਂਦੀ ਥੱਕੀਆਂ ਮੈਂ ।

ਸੱਦ ਹੈਦਰ ਮਾਹੀ ਮਾਹੀ ਵੇ,

ਬੋਰ ਬੋਰ ਕਰੈਂਦੀ ਥੱਕੀਆਂ ਮੈਂ ।੨।

📝 ਸੋਧ ਲਈ ਭੇਜੋ