ਸੀਨਾ ਚੀਰ ਵਖਾਈਏ

ਕਿਸ ਨੂੰ ਆਪਣਾਂ ਹਾਲ ਸੁਣਾਈਏ,

ਕਿਸ ਨੂੰ ਸੀਨਾ ਚੀਰ ਵਖਾਈਏ।

ਪਰੇ ਪਰੇ ਸਭ ਕਹਿੰਦੇ ਰਹਿੰਦੇ,

ਕਿਸ ਨੂੰ ਧਾ-ਗਲਵਕੜੀ ਪਾਈਏ।

ਮਨਾਂ 'ਚ ਉੱਸਰੀਆਂ ਉੱਚੀਆਂ ਕੰਧਾਂ,

ਤੂੰ ਹੀ ਦੱਸ ਕਿਵੇਂ ਹੁਣ ਢਾਈਏ।

ਸੱਜਣ ਦੀ ਜੋ ਬਾਤ ਸੁਣਾਵੇ,

ਸੌ ਸੌ ਵਾਰ ਸਦਕੜੇ ਜਾਈਏ।

ਰੱਬ ਰੁੱਸਦੈ ਸੌ ਵਾਰੀ ਰੁੱਸ ਜੈ,

ਰੁੱਸਿਐ ਯਾਰ ਜ਼ਰੂਰ ਮਨਾਈਏ।

ਜਿਸ ਦੇ ਬਿਨਾਂ ਗੁਜ਼ਾਰਾ ਹੀ ਨਹੀਂ,

ਉਸ ਨੂੰ ਕਿਓਂ ਫਿਰ ਦਿਲੋਂ ਭੁਲਾਈਏ।

ਚਲ 'ਅਮਰੀਕ' ਸੱਜਣ ਦੇ ਕੋਲੋਂ,

ਹੋਈਆਂ ਭੁੱਲਾਂ ਮਾਫ਼ ਕਰਾਈਏ।

📝 ਸੋਧ ਲਈ ਭੇਜੋ