ਸੀਨੇ 'ਚ ਜੇ ਖ਼ੁਦੀ ਨਹੀਂ

ਸੀਨੇ 'ਚ ਜੇ ਖ਼ੁਦੀ ਨਹੀਂ, 

ਜ਼ਿੰਦਗੀ ਜ਼ਿੰਦਗੀ ਨਹੀਂ, 

ਬੰਦਾ ਜੇ ਬੰਦਾ ਹੀ ਰਿਹਾ

ਬੰਦਗੀ ਬੰਦਗੀ ਨਹੀਂ । 

ਤੇਰਾ ਨਿਖਾਰ ਬੇਮਿਸਾਲ

ਤੇਰੀ ਨੁਹਾਰ ਹੈ ਕਮਾਲ,

ਚੇਹਰੇ ਤੇ ਗ਼ਮ ਦਾ ਨੂਰ ਨਹੀਂ 

ਅੱਖੀਆਂ ਦੇ ਵਿਚ ਨਮੀ ਨਹੀਂ । 

ਮੇਰੇ ਬਦਨਸੀਬ ਦੋਸਤ 

ਤੂੰ ਕਿਉਂ ਗ਼ਰੀਬ ਗ਼ਮ ਬਿਨਾ, 

ਅਪਣੇ ਨਸੀਬ ਨੂੰ ਜਗਾ 

ਗ਼ਮ ਦੀ ਤਾਂ ਕੁਝ ਕਮੀ ਨਹੀਂ । 

ਮੇਰੇ ਬਦਨ ਤੋਂ ਲਾਸ ਨੂੰ 

ਖਾ ਕੇ ਤਰਸ ਅਜੇ ਪੂੰਝ, 

ਹਾਲੇ ਮੈਂ ਆਹ ਭਰੀ ਨਹੀਂ

ਧਰਤੀ ਅਜੇ ਹਿਲੀ ਨਹੀਂ।

ਆਦਮ ਦੀ ਸੱਪ-ਵਲ੍ਹੇਟ ਵਿਚ 

ਬੇਹੋਸ਼, ਬੇਜ਼ੋਰ ਆਦਮੀ, 

ਸੁਣਿਆ ਮੈਂ ਵੀ ਹਾਂ ਆਦਮੀ

ਨਾ ਨਾ ਮੈਂ ਆਦਮੀ ਨਹੀਂ।

ਪੀੜਾਂ 'ਚ ਪੀੜ ਦੀ ਦਵਾ 

ਏਨੀ ਤਾਂ ਮੈਨੂੰ ਹੋਸ਼ ਨਹੀਂ,

ਤੈਨੂੰ ਸਿਆਣ ਨਾ ਸਕਾਂ, 

ਏਨੀ ਵੀ ਬੇਖ਼ੁਦੀ ਨਹੀਂ।

📝 ਸੋਧ ਲਈ ਭੇਜੋ